ਮੰਡੀ ਗੋਬਿੰਦਗੜ੍ਹ ਸਟੀਲ ਉਦਯੋਗ ਦੇ ਮੁੱਖ ਕੇਂਦਰ ਵਜੋਂ ਹੋਵੇਗਾ ਹੋਰ ਮਜ਼ਬੂਤ; ਗਰੀਨ ਊਰਜਾ ਖੇਤਰ ਵਿੱਚ ਵੀ ਹੋਵੇਗਾ ਵੱਡਾ ਵਿਸਥਾਰ
ਚੰਡੀਗੜ੍ਹ, 2 ਅਪ੍ਰੈਲ : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਹੈ ਕਿ ਜੋਗਿੰਦਰਾ ਗਰੁੱਪ ਵੱਲੋਂ ਸੂਬੇ ਵਿੱਚ 1,100 ਕਰੋੜ ਰੁਪਏ ਦੇ ਨਿਵੇਸ਼ ਨਾਲ ਰਣਨੀਤਕ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਨਿਵੇਸ਼ ਤਹਿਤ ਸਟੀਲ ਖੇਤਰ ਵਿੱਚ ਜੋਗਿੰਦਰਾ ਕਾਸਟਿੰਗ ਅਤੇ ਵਰਧਮਾਨ ਆਦਰਸ਼ ਰਾਹੀਂ 700 ਕਰੋੜ ਰੁਪਏ ਅਤੇ ਜੋਗਿੰਦਰਾ ਗ੍ਰੀਨ ਇੰਡੀਆ ਰਾਹੀਂ ਨਵਿਆਉਣਯੋਗ ਊਰਜਾ ਵਿੱਚ 400 ਕਰੋੜ ਰੁਪਏ ਖਰਚੇ ਜਾਣਗੇ।
ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਵਿਸਥਾਰ ਨਾਲ ਗਰੁੱਪ ਦਾ ਟਰਨਓਵਰ 3,000 ਕਰੋੜ ਤੋਂ ਵਧ ਕੇ 5,000 ਕਰੋੜ ਰੁਪਏ ਹੋ ਜਾਵੇਗਾ ਅਤੇ ਕਰਮਚਾਰੀਆਂ ਦੀ ਗਿਣਤੀ 1,800 ਤੋਂ ਵਧ ਕੇ 3,000 ਹੋਣ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਨਵਿਆਉਣਯੋਗ ਊਰਜਾ ਸਮਰੱਥਾ ਵੀ 37 ਮੈਗਾਵਾਟ ਤੋਂ ਵਧ ਕੇ 120 ਮੈਗਾਵਾਟ ਤੱਕ ਪਹੁੰਚ ਜਾਵੇਗੀ।
ਉਨ੍ਹਾਂ ਉਦਯੋਗ ਦੇ ਪਿਛੋਕੜ ਦਾ ਜ਼ਿਕਰ ਕਰਦਿਆਂ ਦੱਸਿਆ ਕਿ 1992 ਵਿੱਚ ਸਥਾਪਿਤ ਇਸ ਗਰੁੱਪ ਦੀ ਅਗਵਾਈ ਸੀਐਮਡੀ ਆਦਰਸ਼ ਗਰਗ, ਡਾਇਰੈਕਟਰ ਸੰਜੇ ਗੁਪਤਾ ਅਤੇ ਨਿਮਿਤ ਗੁਪਤਾ ਵੱਲੋਂ ਕੀਤੀ ਜਾ ਰਹੀ ਹੈ।
ਸੰਜੀਵ ਅਰੋੜਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਹਮੇਸ਼ਾ ਪੰਜਾਬ ਦੇ ਸਟੀਲ ਉਦਯੋਗ ਦੀ ਰੀੜ੍ਹ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਸਦਕਾ ਇਹ ਖੇਤਰ ਹੁਣ ਆਧੁਨਿਕੀਕਰਨ ਅਤੇ ਗਰੀਨ ਊਰਜਾ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ।
ਉਨ੍ਹਾਂ ਦੁਹਰਾਇਆ ਕਿ ‘ਆਪ’ ਸਰਕਾਰ ਸੂਬੇ ਵਿੱਚ ਨਿਵੇਸ਼ਕਾਂ ਲਈ ਸੁਖਾਵਾਂ ਮਾਹੌਲ ਅਤੇ ਕਾਰੋਬਾਰੀ ਸੌਖ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Read More : ਪੰਜਾਬ ਵਿਚ ਪਹਿਲੀ ਵਾਰ ਹੋਵੇਗਾ ਜਾਤ ਆਧਾਰਤ ਸਮਾਜਿਕ-ਆਰਥਿਕ ਸਰਵੇਖਣ : ਮੁੱਖ ਮੰਤਰੀ ਮਾਨ
