ਬਟਾਲਾ, 31 ਮਾਰਚ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ‘ਆਮ ਆਦਮੀ ਪਾਰਟੀ’ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਨੂੰ ਡਰ, ਦਬਾਅ ਅਤੇ ਗੈਂਗਸਟਰਾਂ ਦੇ ਜ਼ਰੀਏ ਕਮਜ਼ੋਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਾਹਨੂੰਵਾਨ ਬਲਾਕ ਸੰਮਤੀ ਦੇ ਚੇਅਰਮੈਨ ਸੁਖਦੇਵ ਸਿੰਘ ਹੈਪੀ ਅਤੇ ਵਾਈਸ ਚੇਅਰਮੈਨ ਸਿਮਰਨਜੀਤ ਕੌਰ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਧਾਰੀਵਾਲ ਬਲਾਕ ਸੰਮਤੀ ਚੋਣਾਂ ਵਿੱਚ ਹੋਈ ਕਥਿਤ ‘ਹੇਰਾਫੇਰੀ’ ਦਾ ਮੂੰਹ-ਤੋੜਵਾਂ ਜਵਾਬ ਹੈ।
ਬਾਜਵਾ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਚੁਣੇ ਹੋਏ ਮੈਂਬਰਾਂ ਨੂੰ ਪੁਰਤਗਾਲ ਤੋਂ ਸਰਗਰਮ ਇੱਕ ਖ਼ਤਰਨਾਕ ਗੈਂਗਸਟਰ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮੈਂਬਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਨੇ ਕਾਂਗਰਸ ਉਮੀਦਵਾਰ ਦੇ ਪੱਖ ਵਿੱਚ ਵੋਟ ਪਾਈ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਬਲਾਕ ਸੰਮਤੀ ਵਰਗੀਆਂ ਹੇਠਲੇ ਪੱਧਰ ਦੀਆਂ ਚੋਣਾਂ ਵੀ ਗੈਂਗਸਟਰਾਂ ਦੇ ਪ੍ਰਭਾਵ ਹੇਠ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਬਹੁਤ ਮੰਦਭਾਗਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੈਂਗਸਟਰ ਕਾਲ ਬਾਰੇ ਤੁਰੰਤ ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਗੁਰਦਾਸਪੁਰ ਨੂੰ ਸੂਚਿਤ ਕੀਤਾ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਪੂਰੀ ਅਸਫਲਤਾ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਬਾਜਵਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਸੰਭਾਲਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਅਤੇ ਅਪਰਾਧੀਆਂ ਨੂੰ ਸ਼ਹਿ ਮਿਲ ਰਹੀ ਹੈ।
Read More : ਅਮਰੀਕਾ: ਪੰਜਾਬੀ ਡਰਾਈਵਰ ਨੂੰ 9.4 ਕਰੋੜ ਜੁਰਮਾਨਾ
