ਦਿੱਲੀ ਦੇ ਬੱਸ ਕੰਡਕਟਰ ਰਣਵੀਰ ਸਿੰਘ ਯਾਦਵ ਦੀ ਹੱਡ-ਬੀਤੀ
ਇਨਸਾਫ਼ ਲਈ ਖਰਚੇ ਲੱਖਾਂ ਰੁਪਏ ਪਰ ਸਵਾਲ ਸਨਮਾਨ ਦਾ ਸੀ
ਨਵੀਂ ਦਿੱਲੀ : ਦਿੱਲੀ ਤੋਂ ਇਕ ਅਜਿਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜੋ ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਕਹਾਣੀ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (DTC) ਦੇ ਇੱਕ ਬੱਸ ਕੰਡਕਟਰ ਰਣਵੀਰ ਸਿੰਘ ਯਾਦਵ ਦੀ ਹੈ, ਜਿਸ ਨੂੰ ਮਹਿਜ਼ 5 ਪੈਸੇ ਦੇ ਕਥਿਤ ਹੇਰ-ਫੇਰ ਦੇ ਦੋਸ਼ ਵਿੱਚ ਲਗਭਗ 40 ਸਾਲਾਂ ਤੱਕ ਅਦਾਲਤਾਂ ਦੀਆਂ ਬਰੂਹਾਂ ਗਾਹੁਣ ਲਈ ਮਜਬੂਰ ਹੋਣਾ ਪਿਆ। ਇਹ ਮਾਮਲਾ ਸਾਡੀ ਨਿਆਂ ਪ੍ਰਣਾਲੀ ਦੀ ਰਫ਼ਤਾਰ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਕੀ ਸੀ ਪੂਰਾ ਮਾਮਲਾ?
ਇਹ ਘਟਨਾ ਸਾਲ 1973 ਦੀ ਹੈ। ਰਣਵੀਰ ਸਿੰਘ ਯਾਦਵ DTC ਵਿੱਚ ਕੰਡਕਟਰ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ‘ਤੇ ਇਲਜ਼ਾਮ ਲੱਗਿਆ ਕਿ ਉਨ੍ਹਾਂ ਨੇ ਇੱਕ ਮਹਿਲਾ ਯਾਤਰੀ ਤੋਂ 10 ਪੈਸੇ ਦੀ ਟਿਕਟ ਬਦਲੇ 15 ਪੈਸੇ ਵਸੂਲੇ ਅਤੇ ਉਹ 5 ਪੈਸੇ ਆਪਣੀ ਜੇਬ ਵਿੱਚ ਪਾ ਲਏ। ਇਸ ਮਾਮੂਲੀ ਇਲਜ਼ਾਮ ਕਾਰਨ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਬਿਠਾ ਦਿੱਤੀ ਗਈ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
40 ਸਾਲ ਦਾ ਲੰਮਾ ਸੰਘਰਸ਼ ਅਤੇ ਲੱਖਾਂ ਦਾ ਖਰਚਾ
ਨੌਕਰੀ ਜਾਣ ਤੋਂ ਬਾਅਦ ਰਣਵੀਰ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸਨਮਾਨ ਦੀ ਲੜਾਈ ਸ਼ੁਰੂ ਕੀਤੀ।
1990 ਵਿਚ ਮਿਲੀ ਪਹਿਲੀ ਜਿੱਤ : ਲੇਬਰ ਕੋਰਟ ਨੇ ਫੈਸਲਾ ਸੁਣਾਇਆ ਕਿ ਰਣਵੀਰ ਸਿੰਘ ਦੀ ਬਰਖਾਸਤਗੀ ਗਲਤ ਸੀ।
DTC ਦੀ ਜਿੱਦ : ਲੇਬਰ ਕੋਰਟ ਦੇ ਫੈਸਲੇ ਨੂੰ DTC ਨੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ, ਜਿਸ ਕਾਰਨ ਇਹ ਕੇਸ ਦਹਾਕਿਆਂ ਤੱਕ ਲਟਕਦਾ ਰਿਹਾ।
ਖਰਚੇ ਦਾ ਹੈਰਾਨੀਜਨਕ ਅੰਕੜਾ : ਜਿਸ 5 ਪੈਸੇ ਲਈ ਇਹ ਲੜਾਈ ਸ਼ੁਰੂ ਹੋਈ ਸੀ, ਉਸ ਕੇਸ ਨੂੰ ਲੜਨ ਲਈ DTC ਨੇ ਲਗਭਗ 47,000 ਰੁਪਏ ਕਾਨੂੰਨੀ ਫੀਸਾਂ ‘ਤੇ ਖਰਚ ਦਿੱਤੇ। ਦੂਜੇ ਪਾਸੇ, ਆਪਣੀ ਬੇਗੁਨਾਹੀ ਸਾਬਤ ਕਰਨ ਲਈ ਰਣਵੀਰ ਸਿੰਘ ਯਾਦਵ ਨੇ ਵੀ ਲਗਭਗ 4 ਲੱਖ ਰੁਪਏ ਖਰਚ ਕੀਤੇ।
ਪਰਿਵਾਰਕ ਦਰਦ ਅਤੇ ਅੰਤਿਮ ਫੈਸਲਾ
ਰਣਵੀਰ ਸਿੰਘ ਲਈ ਇਹ ਲੜਾਈ ਸਿਰਫ਼ ਪੈਸਿਆਂ ਦੀ ਨਹੀਂ, ਬਲਕਿ ਆਪਣੇ ਕਿਰਦਾਰ ਨੂੰ ਸਾਫ਼ ਸੁਥਰਾ ਸਾਬਤ ਕਰਨ ਦੀ ਸੀ। ਉਨ੍ਹਾਂ ਦੱਸਿਆ ਕਿ ਕਈ ਵਾਰ ਉਨ੍ਹਾਂ ਦੇ ਆਪਣੇ ਬੱਚੇ ਵੀ ਸ਼ੱਕੀ ਨਜ਼ਰਾਂ ਨਾਲ ਪੁੱਛਦੇ ਸਨ ਕਿ ਕੀ ਉਨ੍ਹਾਂ ਨੇ ਸੱਚਮੁੱਚ ਪੈਸਿਆਂ ਦੀ ਹੇਰਾਫੇਰੀ ਕੀਤੀ ਹੈ? ਇਹ ਸਵਾਲ ਉਨ੍ਹਾਂ ਲਈ ਕਿਸੇ ਮਾਨਸਿਕ ਤਸੀਹੇ ਤੋਂ ਘੱਟ ਨਹੀਂ ਸੀ।
ਅੰਤ ਵਿਚ ਸੱਚ ਦੀ ਜਿੱਤ ਹੋਈ। ਅਦਾਲਤ ਨੇ DTC ਨੂੰ ਹੁਕਮ ਦਿੱਤਾ ਕਿ ਉਹ ਰਣਵੀਰ ਸਿੰਘ ਯਾਦਵ ਨੂੰ 30,000 ਰੁਪਏ ਮੁਆਵਜ਼ਾ ਦੇਣ। ਇਸ ਦੇ ਨਾਲ ਹੀ ਕਾਰਪੋਰੇਸ਼ਨ ਨੂੰ ਉਨ੍ਹਾਂ ਦੀ ਗ੍ਰੈਚੁਟੀ ਅਤੇ ਹੋਰ ਸਾਰੇ ਬਕਾਏ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
Read More : ਪੰਜਾਬ ਕੈਬਨਿਟ ਵੱਲੋਂ ਔਰਤਾਂ ਲਈ 1,000 ਰੁਪਏ ਦੀ ਮਹੀਨਾਵਾਰ ਸਹਾਇਤਾ ਯੋਜਨਾ ਨੂੰ ਮਨਜ਼ੂਰੀ
