ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾ ਕੇ 14 ਸਾਲਾਂ ਦਾ ਸੋਕਾ ਖ਼ਤਮ
ਰੋਹਿਤ ਸ਼ਰਮਾ ਅਤੇ ਰਿਆਨ ਰਿਕਲਟਨ ਦੀ ਤੂਫਾਨੀ ਪਾਰੀ ਸਦਕਾ MI ਨੇ ਹਾਸਲ ਕੀਤਾ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ
ਮੁੰਬਈ, 29 ਮਾਰਚ : ਮੁੰਬਈ ਇੰਡੀਅਨਜ਼ (MI) ਨੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ ਦੇ ਦੂਜੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 6 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਟੂਰਨਾਮੈਂਟ ਦਾ ਜੇਤੂ ਆਗਾਜ਼ ਕੀਤਾ ਹੈ। ਇਸ ਜਿੱਤ ਨਾਲ ਮੁੰਬਈ ਨੇ 14 ਸਾਲਾਂ ਬਾਅਦ ਆਪਣਾ ਪਹਿਲਾ ਮੈਚ ਜਿੱਤਣ ਦਾ ਰਿਕਾਰਡ ਬਣਾਇਆ ਹੈ, ਜੋ ਆਖਰੀ ਵਾਰ 2012 ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਬਣਿਆ ਸੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੇ ਅਜਿੰਕਿਆ ਰਹਾਣੇ (67 ਦੌੜਾਂ) ਅਤੇ ਅੰਗਕ੍ਰਿਸ਼ ਰਘੂਵੰਸ਼ੀ (51 ਦੌੜਾਂ) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਅਤੇ ਰਿੰਕੂ ਸਿੰਘ ਦੀਆਂ ਨਾਬਾਦ 33 ਦੌੜਾਂ ਦੀ ਬਦੌਲਤ 4 ਵਿਕਟਾਂ ‘ਤੇ 220 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਮੁੰਬਈ ਵੱਲੋਂ ਸ਼ਾਰਦੁਲ ਠਾਕੁਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਅਹਿਮ ਵਿਕਟਾਂ ਲਈਆਂ।
221 ਦੌੜਾਂ ਦੇ ਪਿੱਛਾ ਕਰਦਿਆਂ ਮੁੰਬਈ ਦੇ ਸਲਾਮੀ ਬੱਲੇਬਾਜ਼ਾਂ ਨੇ ਤਬਾਹੀ ਮਚਾ ਦਿੱਤੀ। ਰੋਹਿਤ ਸ਼ਰਮਾ ਨੇ ਮਹਿਜ਼ 38 ਗੇਂਦਾਂ ਵਿੱਚ 78 ਦੌੜਾਂ ਜੜੀਆਂ, ਜਦਕਿ ਰਿਆਨ ਰਿਕਲਟਨ ਨੇ 8 ਛੱਕਿਆਂ ਦੀ ਮਦਦ ਨਾਲ 43 ਗੇਂਦਾਂ ਵਿੱਚ 81 ਦੌੜਾਂ ਦੀ ਤੂਫਾਨੀ ਪਾਰੀ ਖੇਡੀ।
ਮੁੰਬਈ ਨੇ 19.1 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ, ਜੋ ਆਈਪੀਐਲ ਇਤਿਹਾਸ ਵਿੱਚ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ‘ਰਨ ਚੇਜ਼’ ਹੈ। ਕੇਕੇਆਰ ਵੱਲੋਂ ਵੈਭਵ ਅਰੋੜਾ, ਸੁਨੀਲ ਨਾਰਾਇਣ ਅਤੇ ਕਾਰਤਿਕ ਤਿਆਗੀ ਨੇ 1-1 ਵਿਕਟ ਹਾਸਲ ਕੀਤੀ।
ਹਾਰਦਿਕ ਪੰਡਿਆ ਦੀ ਅਗਵਾਈ ਵਿੱਚ ਮੁੰਬਈ ਇੰਡੀਅਨਜ਼ ਨੇ ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਆਪਣੇ ਮਜ਼ਬੂਤ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਇਸ ਮੈਚ ਵਿੱਚ ਸੂਰਿਆਕੁਮਾਰ ਯਾਦਵ ਨੂੰ ‘ਇਮਪੈਕਟ ਪਲੇਅਰ’ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ।
Read More : ਪੰਜਾਬ ਕੈਬਨਿਟ ਵੱਲੋਂ ਔਰਤਾਂ ਲਈ 1,000 ਰੁਪਏ ਦੀ ਮਹੀਨਾਵਾਰ ਸਹਾਇਤਾ ਯੋਜਨਾ ਨੂੰ ਮਨਜ਼ੂਰੀ
