ਹਰਜੋਤ ਸਿੰਘ ਬੈਂਸ ਮੰਤਰੀ

ਪੰਜਾਬ ਸਿੱਖਿਆ ਕ੍ਰਾਂਤੀ: ਮੈਗਾ ਪੀਟੀਐਮ ਵਿਚ 18 ਲੱਖ ਤੋਂ ਵੱਧ ਮਾਪਿਆਂ ਨੇ ਕੀਤੀ ਸ਼ਮੂਲੀਅਤ

ਹਰਜੋਤ ਬੈਂਸ ਵੱਲੋਂ ਨਵੇਂ ‘SMS ਅਲਰਟ ਸਿਸਟਮ’ ਦਾ ਐਲਾਨ

ਚੰਡੀਗੜ੍ਹ, 29 ਮਾਰਚ : ਪੰਜਾਬ ਦੀ “ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਸਿੱਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਸੂਬਾ ਪੱਧਰੀ ਮੈਗਾ ਮਾਪੇ-ਅਧਿਆਪਕ ਮਿਲਣੀ (PTM) ਕਰਵਾਈ ਗਈ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਇੱਕੋ ਦਿਨ 18 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ, ਜੋ ਦੇਸ਼ ਦੇ ਸਭ ਤੋਂ ਵੱਡੇ ਸਮਾਜਿਕ ਸ਼ਮੂਲੀਅਤ ਵਾਲੇ ਅਭਿਆਸਾਂ ਵਿੱਚੋਂ ਇੱਕ ਹੈ।

ਇਸ ਮੌਕੇ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ‘ਸਟੂਡੈਂਟ ਐਬਸੈਂਟ ਅਲਰਟ ਐਸਐਮਐਸ ਸਿਸਟਮ’ (Student Absent Alert SMS System) ਲਾਗੂ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰਣਾਲੀ ਰਾਹੀਂ ਜੇਕਰ ਕੋਈ ਬੱਚਾ ਸਕੂਲ ਤੋਂ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਤੁਰੰਤ ਉਸ ਦੇ ਮਾਪਿਆਂ ਨੂੰ ਐਸਐਮਐਸ ਰਾਹੀਂ ਸੂਚਿਤ ਕੀਤਾ ਜਾਵੇਗਾ। ਸ. ਬੈਂਸ ਨੇ ਕਿਹਾ ਕਿ ਮੈਗਾ ਪੀਟੀਐਮ ਸਿਰਫ਼ ਰਿਪੋਰਟ ਕਾਰਡ ਵੰਡਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਬੱਚੇ ਦੇ ਸੰਪੂਰਨ ਵਿਕਾਸ ‘ਤੇ ਫੀਡਬੈਕ ਦੇਣ ਦਾ ਇੱਕ ਮੰਚ ਹੈ।

ਸਕੂਲਾਂ ਵਿੱਚ ਮਾਪਿਆਂ ਦੇ ਸਵਾਗਤ ਲਈ ਵਿਸ਼ੇਸ਼ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਕੁੜੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਐਚਪੀਵੀ (HPV) ਟੀਕਾਕਰਨ ‘ਤੇ ਵੀ ਧਿਆਨ ਦਿੱਤਾ ਗਿਆ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾ ਮਕਸਦ ਸਿਰਫ਼ ਬੁਨਿਆਦੀ ਢਾਂਚਾ ਸੁਧਾਰਨਾ ਨਹੀਂ, ਸਗੋਂ ਸਕੂਲਾਂ ਅਤੇ ਪਰਿਵਾਰਾਂ ਦਰਮਿਆਨ ਮਜ਼ਬੂਤ ਸਾਂਝ ਪੈਦਾ ਕਰਨਾ ਹੈ।

ਇਸ ਪੀਟੀਐਮ ਦੀ ਵਰਤੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਾ ਮੁਹਿੰਮ, ‘ਮਿਸ਼ਨ ਸਮਰਥ’ ਅਤੇ ਹੁਨਰ ਸਿੱਖਿਆ ਵਰਗੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਵੀ ਕੀਤੀ ਗਈ। ਸਿੱਖਿਆ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਰਿਪੋਰਟ ਕਾਰਡ ਦੀ ਵੰਡ ਨੂੰ ਅਸਲ ਵਿਚਾਰ-ਵਟਾਂਦਰੇ ਵਿੱਚ ਬਦਲ ਕੇ ਪੰਜਾਬ ਨੇ ਨਤੀਜਾ-ਆਧਾਰਤ ਸਿੱਖਿਆ ਮਾਡਲ ਵੱਲ ਵੱਡੀ ਪੁਲਾਂਘ ਪੁੱਟੀ ਹੈ।

Read More : ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ 3 ਮਹੀਨਿਆਂ ‘ਚ 30.51 ਲੱਖ ਪਰਿਵਾਰ ਹੋਏ ਰਜਿਸਟਰ : ਡਾ. ਬਲਬੀਰ ਸਿੰਘ

Leave a Reply

Your email address will not be published. Required fields are marked *