ਐਂਟੀ ਗੈਂਗਸਟਰ ਹੈਲਪਲਾਈਨ 93946-93946 ਨੂੰ ਮਿਲਿਆ ਭਰਵਾਂ ਹੁੰਗਾਰਾ
ਚੰਡੀਗੜ੍ਹ, 29 ਮਾਰਚ : ਪੰਜਾਬ ਸਰਕਾਰ ਵੱਲੋਂ ਗੈਂਗਸਟਰ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੇ ਡੀਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤੱਕ ਸੂਬੇ ਭਰ ਵਿੱਚ 1,111 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 2,868 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 2,273 ਹਥਿਆਰ ਅਤੇ 656 ਵਾਹਨ ਵੀ ਬਰਾਮਦ ਕੀਤੇ ਗਏ ਹਨ।
ਡੀਆਈਜੀ ਅਨੁਸਾਰ 21 ਜਨਵਰੀ 2026 ਨੂੰ ਸ਼ੁਰੂ ਕੀਤੀ ਗਈ ਐਂਟੀ-ਗੈਂਗਸਟਰ ਹੈਲਪਲਾਈਨ (93946-93946) ‘ਤੇ ਹੁਣ ਤੱਕ 590 ਇਨਪੁਟਸ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚੋਂ ਨਸ਼ਿਆਂ ਨਾਲ ਸਬੰਧਤ 83, ਜਬਰੀ ਵਸੂਲੀ ਦੇ 35, ਗੈਂਗਸਟਰਾਂ ਦੇ 43, ਗੈਰ-ਕਾਨੂੰਨੀ ਹਥਿਆਰਾਂ ਦੇ 86 ਅਤੇ ਹੋਰ ਕਈ ਸ਼੍ਰੇਣੀਆਂ ਦੇ ਮਾਮਲੇ ਸ਼ਾਮਲ ਹਨ। ਜਨਤਾ ਦੀ ਜਾਣਕਾਰੀ ਦੇ ਆਧਾਰ ‘ਤੇ 63 ਐਫਆਈਆਰ ਦਰਜ ਕਰਕੇ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਪੁਲਿਸ ਨੇ ਡਿਜੀਟਲ ਅਪਰਾਧਾਂ ‘ਤੇ ਸ਼ਿਕੰਜਾ ਕੱਸਦਿਆਂ ਸੋਸ਼ਲ ਮੀਡੀਆ ‘ਤੇ ਹਥਿਆਰਾਂ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੇ 643 ਪੰਨਿਆਂ ਨੂੰ ਬਲਾਕ ਕਰ ਦਿੱਤਾ ਹੈ। ਡੀਆਈਜੀ ਚੌਹਾਨ ਨੇ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਜੋ ਨੌਜਵਾਨਾਂ ਨੂੰ ਲਾਲਚ ਦੇ ਕੇ ਗ਼ਲਤ ਕੰਮਾਂ ਲਈ ਵਰਤਦੇ ਹਨ। ਉਨ੍ਹਾਂ ਲੋਕਾਂ ਨੂੰ ਅਣਜਾਣ ਵਿਅਕਤੀਆਂ ਨਾਲ ਡਿਜੀਟਲ ਲੈਣ-ਦੇਣ ਕਰਨ ਅਤੇ ਅਣਜਾਣ ਪੈਕੇਜ ਚੁੱਕਣ ਤੋਂ ਵੀ ਵਰਜਿਆ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਵਿਦੇਸ਼ਾਂ ਵਿੱਚ ਮੌਜੂਦ 61 ਗੈਂਗਸਟਰਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ‘ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰੈਡਿਸ਼ਨ ਸੈੱਲ’ (OFTEC) ਬਣਾਇਆ ਗਿਆ ਹੈ। ਇਹ ਪੂਰੀ ਕਾਰਵਾਈ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਹੇਠ ਗਠਿਤ ਕੀਤੀ ਗਈ AGTF ਟੀਮ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Read More : ਜੱਚਾ-ਬੱਚਾ ਸਿਹਤ ਸੰਭਾਲ ਲਈ NHM ਪੰਜਾਬ ਅਤੇ ਅੰਤਰਰਾਸ਼ਟਰੀ ਸੰਸਥਾ JHPIGO ਵਿਚਾਲੇ ਅਹਿਮ ਸਮਝੌਤਾ
