ਪਿੰਡ ਸ਼ੇਰਵਾਨੀ ਕੋਟ ਤੋਂ ਕੀਤੀ ਗ੍ਰਿਫ਼ਤਾਰੀ, 2 ਮੁਲਜ਼ਮ ਪਾਕਿਸਤਾਨੀ ਨਾਗਰਿਕ ਹੋਣ ਦਾ ਸ਼ੱਕ
ਮਾਲੇਰਕੋਟਲਾ, 28 ਮਾਰਚ: ਮਾਲੇਰਕੋਟਲਾ ਸੀ.ਆਈ.ਏ. ਪੁਲਸ ਅਤੇ ਜੰਮੂ-ਕਸ਼ਮੀਰ ਐੱਸ.ਜੀ.ਓ. ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ਵਿੱਚ 27-28 ਮਾਰਚ ਦੀ ਮੱਧ ਰਾਤ ਨੂੰ ਮਾਲੇਰਕੋਟਲਾ ਦੇ ਪਿੰਡ ਸ਼ੇਰਵਾਨੀ ਕੋਟ ਤੋਂ 3 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 2 ਕਥਿਤ ਤੌਰ ’ਤੇ ਪਾਕਿਸਤਾਨੀ ਨਾਗਰਿਕ ਦੱਸੇ ਜਾ ਰਹੇ ਹਨ, ਜੋ ਪੜ੍ਹੇ-ਲਿਖੇ ਹੋਣ ਦੇ ਨਾਲ-ਨਾਲ ਸਟਾਕ ਮਾਰਕੀਟ ਦੇ ਵੀ ਜਾਣਕਾਰ ਹਨ।
ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੀ ਪਛਾਣ ਜੰਮੂ-ਕਸ਼ਮੀਰ ’ਚ ਲੋੜੀਂਦੇ ਅੱਤਵਾਦੀਆਂ ਨਾਲ ਮੇਲ ਖਾਂਦੀ ਹੈ। ਇਨ੍ਹਾਂ ’ਚੋਂ ਅਬੂ ਹੁਰੀਰਾ (35) ਅਤੇ ਉਸਮਾਨ (30) ਪਾਕਿਸਤਾਨੀ ਨਾਗਰਿਕ ਦੱਸੇ ਜਾ ਰਹੇ ਹਨ। ਉਨ੍ਹਾਂ ਦੇ ਤੀਜੇ ਸਾਥੀ ਜਮੀਲ (38) ਨੂੰ ਵੀ ਹਿਰਾਸਤ ’ਚ ਲਿਆ ਗਿਆ ਸੀ, ਪਰ ਚਰਚਾ ਹੈ ਕਿ ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਇਹ ਸ਼ੱਕੀ ਲੰਬੇ ਸਮੇਂ ਤੋਂ ਪਿੰਡ ’ਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਅਤੇ ਪਿੰਡ ਵਾਸੀਆਂ ਨੂੰ ਕਦੇ ਵੀ ਉਨ੍ਹਾਂ ’ਤੇ ਦੇਸ਼ ਵਿਰੋਧੀ ਗਤੀਵਿਧੀਆਂ ਦਾ ਸ਼ੱਕ ਨਹੀਂ ਹੋਇਆ। ਪੁਲਸ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਤਿੰਨਾਂ ਨੂੰ ਹਿਰਾਸਤ ’ਚ ਲੈ ਕੇ ਟਰਾਂਜ਼ਿਟ ਰਿਮਾਂਡ ਲਈ ਜੰਮੂ-ਕਸ਼ਮੀਰ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਪਿੰਡ ਸ਼ੇਰਵਾਨੀ ਕੋਟ ਦੇ ਸਰਪੰਚ ਸੁਰਿੰਦਰਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ ’ਚ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ, ਮਾਲੇਰਕੋਟਲਾ ਪੁਲਸ ਨੇ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਪੁਲਸ ਇਕ ਵੱਡੇ ਖੁਲਾਸੇ ਨਾਲ ਮੀਡੀਆ ਦੇ ਸਾਹਮਣੇ ਆਵੇਗੀ।
Read More : 13 ਅਪ੍ਰੈਲ ਨੂੰ ‘ਬੇਅਦਬੀ’ ਕਾਨੂੰਨ ’ਚ ਕਰਾਂਗੇ ਸੋਧ, ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ : ਮੁੱਖ ਮੰਤਰੀ ਮਾਨ
