ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਨਫੋਰਸਮੈਂਟ ਮੁਹਿੰਮ ਦਾ ਐਲਾਨ; ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕਰਕੇ 50 ਲੱਖ ਦੀ ਟੈਕਸ ਦੇਣਦਾਰੀ ਕੀਤੀ ਪਛਾਣ
ਚੰਡੀਗੜ੍ਹ, 27 ਮਾਰਚ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਕਰ ਵਿਭਾਗ ਨੇ ਤੰਬਾਕੂ ਟੈਕਸ ਚੋਰੀ ਨੂੰ ਨੱਥ ਪਾਉਣ ਲਈ ਪੰਜਾਬ ਭਰ ਵਿੱਚ ਵੱਡੇ ਪੱਧਰ ’ਤੇ ਇਨਫੋਰਸਮੈਂਟ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਹਰਪਾਲ ਸਿੰਘ ਚੀਮਾ ਮੁਤਾਬਕ ਵਿਭਾਗ ਨੇ ਕਰੀਬ 1.5 ਕਰੋੜ ਰੁਪਏ ਦੇ ਬਿਨਾਂ ਹਿਸਾਬ ਵਾਲੇ (ਅਣ-ਅਕਾਊਂਟਿਡ) ਸਾਮਾਨ ਦਾ ਪਤਾ ਲਗਾਇਆ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਤੰਬਾਕੂ ਉਤਪਾਦਾਂ ’ਤੇ ਟੈਕਸ ਦਰਾਂ ਵਿੱਚ ਹੋਏ ਵਾਧੇ ਤੋਂ ਬਾਅਦ ਟੈਕਸ ਚੋਰੀ ਦੀਆਂ ਰਿਪੋਰਟਾਂ ਮਿਲੀਆਂ ਸਨ। ਇਸ ’ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਦੀਆਂ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਟੀਮਾਂ ਨੇ 8 ਵੱਖ-ਵੱਖ ਥਾਵਾਂ ’ਤੇ ਇੱਕੋ ਸਮੇਂ ਤਲਾਸ਼ੀ ਲਈ। ਇਸ ਦੌਰਾਨ ਪੰਜ ਰਜਿਸਟਰਡ ਅਤੇ ਤਿੰਨ ਗੈਰ-ਰਜਿਸਟਰਡ ਕਾਰੋਬਾਰਾਂ ਦੀ ਜਾਂਚ ਕੀਤੀ ਗਈ। ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਗੁਪਤ ਸਟੋਰੇਜ ਵਾਲੀਆਂ ਥਾਵਾਂ ਤੋਂ ਭਾਰੀ ਮਾਤਰਾ ਵਿੱਚ ਬਿਨਾਂ ਬਿੱਲਾਂ ਦੇ ਸਾਮਾਨ ਬਰਾਮਦ ਕੀਤਾ ਗਿਆ।
ਜ਼ਬਤ ਕੀਤੇ ਸਾਮਾਨ ਦਾ ਵੇਰਵਾ
ਜ਼ਬਤ ਕੀਤੇ ਸਟਾਕ ਵਿੱਚ ਭਾਰਤੀ ਸਿਗਰਟਾਂ ਦੇ 1.32 ਲੱਖ ਪੈਕੇਟ, ਬੀੜੀਆਂ ਦੇ 18,472 ਪੈਕੇਟ, ਜ਼ਰਦੇ ਦੇ 302 ਪੈਕੇਟ, ਵਿਦੇਸ਼ੀ ਸਿਗਰਟਾਂ ਦੇ 13 ਪੈਕੇਟ ਤੇ 95 ਡੱਬੇ, ਵਿਦੇਸ਼ੀ ਹੁੱਕੇ ਦੇ ਸਾਮਾਨ ਦੇ 148 ਪੀਸ, 13,000 ਲਾਈਟਰ ਅਤੇ ਕੂਲਿਪ ਦੇ 18 ਪੈਕੇਟ ਸ਼ਾਮਲ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਮਾਨ ’ਤੇ 50 ਲੱਖ ਰੁਪਏ ਤੋਂ ਵੱਧ ਦੀ ਟੈਕਸ ਦੇਣਦਾਰੀ ਅਤੇ ਜੁਰਮਾਨਾ ਸਖ਼ਤੀ ਨਾਲ ਵਸੂਲਿਆ ਜਾਵੇਗਾ। ਹੁਣ ਤੱਕ 12 ਲੱਖ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਸਹੀ ਦਸਤਾਵੇਜ਼ ਰੱਖਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਸਖ਼ਤ ਚਿਤਾਵਨੀ ਵੀ ਦਿੱਤੀ ਹੈ।
Read More : ਪੱਛਮੀ ਏਸ਼ੀਆ ਜੰਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਅਹਿਮ ਬੈਠਕ
