ਜਲੰਧਰ

ਯੂਪੀ ਦੇ 2 ਮੁਲਜ਼ਮ 10 ਪਿਸਤੌਲਾਂ ਸਣੇ ਗ੍ਰਿਫ਼ਤਾਰ

ਜਰਮਨੀ ਅਤੇ ਅਮਰੀਕਾ ਬੈਠੇ ਹੈਂਡਲਰਾਂ ਦੇ ਇਸ਼ਾਰੇ ‘ਤੇ ਕਰ ਰਹੇ ਸਨ ਕੰਮ; ਟਰੈਵਲ ਏਜੰਟ ਦੇ ਘਰ ਗੋਲੀਬਾਰੀ ਕਰਨ ਵਿੱਚ ਵੀ ਸਨ ਸ਼ਾਮਲ: ਡੀਜੀਪੀ ਗੌਰਵ ਯਾਦਵ

ਜਲੰਧਰ, 27 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 10 ਦੇਸੀ ਪਿਸਤੌਲ (7.65 ਐਮਐਮ) ਅਤੇ 20 ਮੈਗਜ਼ੀਨ ਬਰਾਮਦ ਕੀਤੇ ਹਨ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦਲੇਸ਼ ਕੁਮਾਰ ਉਰਫ ਸੌਰਵ ਕੁਮਾਰ ਉਰਫ ਨੰਨੂ (ਵਾਸੀ ਅਲੀਗੜ੍ਹ, ਯੂ.ਪੀ.) ਅਤੇ ਅਮਿਤ ਚਾਹਰ (ਵਾਸੀ ਆਗਰਾ, ਯੂ.ਪੀ.) ਵਜੋਂ ਹੋਈ ਹੈ। ਇਹ ਕਾਰਵਾਈ ਬੀਕੇਆਈ ਕਾਰਕੁੰਨਾਂ ਸੁਖਵਿੰਦਰ ਸੰਨੀ ਅਤੇ ਰਾਵਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ ਲਗਾਤਾਰ ਜਾਂਚ ਦਾ ਨਤੀਜਾ ਹੈ।

ਜਾਂਚ ਦੌਰਾਨ ਦੋਵਾਂ ਨੂੰ ਮਥੁਰਾ ਤੋਂ ਕਾਬੂ ਕੀਤਾ ਗਿਆ। ਮੁਲਜ਼ਮ ਦਲੇਸ਼ ਕੁਮਾਰ ਦੀ ਗ੍ਰੈਂਡ ਵਿਟਾਰਾ ਕਾਰ ਅਤੇ ਮਥੁਰਾ-ਪਲਵਲ ਹਾਈਵੇ ਤੋਂ ਕੁੱਲ 10 ਪਿਸਤੌਲ ਤੇ 20 ਮੈਗਜ਼ੀਨ ਬਰਾਮਦ ਹੋਏ। ਡੀਜੀਪੀ ਅਨੁਸਾਰ ਇਹ ਮੁਲਜ਼ਮ ਜਰਮਨੀ ਅਤੇ ਅਮਰੀਕਾ ਵਿੱਚ ਬੈਠੇ ਅਪਰਾਧੀਆਂ ਦੇ ਇਸ਼ਾਰੇ ‘ਤੇ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ।

ਇਸ ਤੋਂ ਇਲਾਵਾ, ਇਹ ਗੜ੍ਹਸ਼ੰਕਰ ਵਿਖੇ ਇੱਕ ਟਰੈਵਲ ਏਜੰਟ ਦੇ ਘਰ ਫਿਰੌਤੀ ਲਈ ਗੋਲੀਬਾਰੀ ਕਰਨ ਦੀ ਵਾਰਦਾਤ ਵਿੱਚ ਵੀ ਸ਼ਾਮਲ ਸਨ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਬੀਐਨਐਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਨੰਬਰ 11 ਦਰਜ ਕੀਤੀ ਗਈ ਹੈ।

Read More : ਪੰਜਾਬ ਯੂਨੀਵਰਸਿਟੀ ਗੋਲੀਬਾਰੀ ਕਾਂਡ : ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਕਾਬੂ

Leave a Reply

Your email address will not be published. Required fields are marked *