ਕਿਹਾ-ਭਾਜਪਾ ਹੁਣ ਬਹਾਨੇ ਛੱਡੇ ਤੇ ਅੱਗੇ ਵਧੇ
ਚੰਡੀਗੜ੍ਹ, 26 ਮਾਰਚ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਦਾਮ ਅਧਿਕਾਰੀ ਗਗਨਦੀਪ (ਡੀ.ਐਮ. ਰੰਧਾਵਾ) ਖੁਦਕੁਸ਼ੀ ਮਾਮਲੇ ਵਿੱਚ ਅਹਿਮ ਸਟੈਂਡ ਲੈਂਦਿਆਂ ਸੀ.ਬੀ.ਆਈ. (CBI) ਜਾਂਚ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਨੇ ‘ਐਕਸ’ (ਟਵਿੱਟਰ) ਰਾਹੀਂ ਭਾਰਤੀ ਜਨਤਾ ਪਾਰਟੀ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਜੇਕਰ ਸਰਕਾਰ ਸਿਰਫ਼ ਉਨ੍ਹਾਂ ਦੀ ਇਜਾਜ਼ਤ ਦੀ ਉਡੀਕ ਕਰ ਰਹੀ ਹੈ, ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਂਚ ਸ਼ੁਰੂ ਕਰਵਾਈ ਜਾਵੇ।

ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਪੀੜਤ ਪਰਿਵਾਰ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ ਅਤੇ ਸੱਚਾਈ ਸਾਹਮਣੇ ਆਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ, “ਕਿਰਪਾ ਕਰਕੇ ਅੱਗੇ ਵਧੋ ਅਤੇ ਕੇਂਦਰੀ ਜਾਂਚ ਬਿਊਰੋ (CBI) ਨੂੰ ਜਾਂਚ ਦੇ ਹੁਕਮ ਦਿਓ। ਹੁਣ ਇਸ ਮਾਮਲੇ ਵਿੱਚ ਹੋਰ ਬਹਾਨੇਬਾਜ਼ੀ ਜਾਂ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”
ਅਦਾਲਤੀ ਨਿਗਰਾਨੀ ਹੇਠ ਇਨਸਾਫ਼ ਦੀ ਕੀਤੀ ਵਕਾਲਤ
ਬੀਤੇ ਦਿਨ ਦੀ ਪ੍ਰੈੱਸ ਕਾਨਫਰੰਸ ਦਾ ਹਵਾਲਾ ਦਿੰਦਿਆਂ ਵੜਿੰਗ ਨੇ ਦੁਹਰਾਇਆ ਕਿ ਕਿਸੇ ਦੀ ਮੌਤ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ CBI ਜਾਂਚ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਉਹ ਚਾਹੁੰਦੇ ਹਨ ਕਿ ਇਸ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਕੀਤੀ ਜਾਵੇ।
ਰਾਜਾ ਵੜਿੰਗ ਦੇ ਇਸ ਸਖ਼ਤ ਰੁਖ਼ ਨੇ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ।
Read More : ‘ਆਪ’ ਸਰਕਾਰ ‘ਚ ਗਲਤ ਕੰਮਾਂ ਲਈ ਕੋਈ ਥਾਂ ਨਹੀਂ, ਜਵਾਬਦੇਹੀ ਹੀ ਸਾਡੀ ਪਹਿਚਾਣ : ਅਮਨ ਅਰੋੜਾ
