ਹਰਜੋਤ ਸਿੰਘ ਬੈਂਸ ਵੱਲੋਂ ਹਰ ਸਕੂਲ ਤੱਕ AI ਸਿੱਖਿਆ ਪਹੁੰਚਾਉਣ ਦਾ ਐਲਾਨ; ਜੇਤੂਆਂ ਨੂੰ ਮਿਲੇ ਨਕਦ ਇਨਾਮ
ਚੰਡੀਗੜ੍ਹ/ਐਸ.ਏ.ਐਸ. ਨਗਰ, 25 ਮਾਰਚ : ਸਕੂਲੀ ਸਿੱਖਿਆ ਵਿੱਚ ਨਿਵੇਕਲੀਆਂ ਤਕਨੀਕਾਂ ਨੂੰ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਏਆਈ ਹੈਕਾਥੌਨ ਕਰਵਾਈ ਗਈ, ਜੋ ਆਪਣੀ ਕਿਸਮ ਦੇ ਪਹਿਲੇ ਪਾਇਲਟ ਪ੍ਰੋਜੈਕਟ ਦਾ ਗ੍ਰੈਂਡ ਫਿਨਾਲੇ ਹੋ ਨਿਬੜੀ। ਇਸ ਪ੍ਰਾਜੈਕਟ ਦਾ ਉਦੇਸ਼ ਵਿਦਿਆਰਥੀਆਂ ਦਰਮਿਆਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਜੈਕਟ ਫਸਟ ਅਕੈਡਮੀ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ (ਐਫਏਏਆਈ) ਅਤੇ ਸਕਿੱਲੀਅਰੀਅਮ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ, ਜਿਸ ਤਹਿਤ ਪੰਜਾਬ ਭਰ ਦੇ 22 ਸਕੂਲਾਂ ਦੇ 1,000 ਤੋਂ ਵੱਧ ਵਿਦਿਆਰਥੀ ਅਤੇ 22 ਅਧਿਆਪਕਾਂ ਨੇ ਸਿਖਲਾਈ ਪ੍ਰਾਪਤ ਕੀਤੀ।
ਭਵਿੱਖੀ ਉੱਦਮੀਆਂ ਦੀ ਤਿਆਰੀ : ਪੀਐਸਈਬੀ ਅਤੇ ਜੇਤੂਆਂ ਨੂੰ ਵਧਾਈ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਨੌਜਵਾਨਾਂ ਵਿੱਚ ਨਵੀਨਤਾ, ਤਕਨੀਕੀ ਹੁਨਰ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ।
ਏਆਈ ਮਾਹਰਾਂ ਵੱਲੋਂ 12 ਹਫ਼ਤਿਆਂ ਦੀਆਂ ਲਾਈਵ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੇ ਉੱਦਮੀ ਬਣਨ ਲਈ ਤਿਆਰ ਕੀਤਾ ਗਿਆ ਹੈ।“ ਉਨ੍ਹਾਂ ਕਿਹਾ ਕਿ ਏਆਈ ਹੁਣ ਕੋਈ ਭਵਿੱਖੀ ਵਿਸ਼ਾ ਨਹੀਂ, ਬਲਕਿ ਅਜੋਕੀ ਭਾਸ਼ਾ ਹੈ ਅਤੇ ਅਗਲੇ ਸੈਸ਼ਨ ਵਿੱਚ ਇਸ ਨੂੰ ਸੂਬੇ ਦੇ ਹੋਰ ਸਕੂਲਾਂ ਤੱਕ ਵੀ ਪਹੁੰਚਾਇਆ ਜਾਵੇਗਾ।
ਮੁਕਾਬਲੇ ਦੇ ਜੇਤੂ ਅਤੇ ਪ੍ਰਾਪਤੀਆਂ: ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਹੈਕਾਥੌਨ ਵਿੱਚ 20 ਸਕੂਲਾਂ ਦੀਆਂ ਟੀਮਾਂ ਨੇ ਤਕਨੀਕੀ ਨਵੀਨਤਾ, ਵੀਡੀਓ ਮੇਕਿੰਗ ਅਤੇ ਵੈੱਬ ਡਿਵੈਲਪਮੈਂਟ ਵਿੱਚ ਆਪਣੀ ਮੁਹਾਰਤ ਦਿਖਾਈ। ਮੁਕਾਬਲੇ ਵਿੱਚ:
- ਪਹਿਲਾ ਇਨਾਮ (11,000 ਰੁਪਏ): ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਖਟਕੜ ਕਲਾਂ (ਐਸ.ਬੀ.ਐਸ. ਨਗਰ)।
- ਦੂਜਾ ਇਨਾਮ (5,100 ਰੁਪਏ): ਰਵਿੰਦਰ ਖੁੱਲਰ ਮੈਮੋਰੀਅਲ ਜੀ.ਐਮ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ (ਜਲੰਧਰ)।
- ਤੀਜਾ ਇਨਾਮ (3,100 ਰੁਪਏ): ਸ਼ਹੀਦ ਊਧਮ ਸਿੰਘ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸੁਨਾਮ (ਸੰਗਰੂਰ)।
ਇਸ ਤੋਂ ਇਲਾਵਾ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਦਸੂਹਾ ਅਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮੰਡੀ ਗੋਬਿੰਦਗੜ੍ਹ ਨੂੰ ਹੌਸਲਾ-ਵਧਾਊ ਇਨਾਮ ਦਿੱਤੇ ਗਏ। ਏ.ਡੀ.ਸੀ. (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਧੰਨਵਾਦ ਕਰਦਿਆਂ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਵਚਨਬੱਧਤਾ ਦੁਹਰਾਈ।
ਮੰਤਰੀ ਬੈਂਸ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿਦਿਆਰਥੀ ਤਕਨੀਕੀ ਕ੍ਰਾਂਤੀ ਵਿੱਚ ਦੁਨੀਆ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
Read More : ਦਰਦਨਾਕ ਹਾਦਸਾ : ਬੱਸ ਤੇ ਟਰੱਕ ਦੀ ਟੱਕਰ ਤੋਂ ਬਾਅਦ ਲੱਗੀ ਅੱਗ, 14 ਯਾਤਰੀ ਜ਼ਿੰਦਾ ਸੜੇ
