ਵਧਦੀ ਆਬਾਦੀ ਅਤੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ₹25,000 ਕਰੋੜ ਦੇ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ ‘ਤੇ ਸ਼ੁਰੂ ਕਰਨ ਦੀ ਰੱਖੀ ਮੰਗ
ਨਵੀਂ ਦਿੱਲੀ/ਚੰਡੀਗੜ੍ਹ, 23 ਮਾਰਚ : ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਸ਼ੇਸ਼ ਜ਼ਿਕਰ (ਸਪੈਸ਼ਲ ਮੈਂਸ਼ਨ) ਰਾਹੀਂ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਨੈੱਟਵਰਕ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਉੱਤਰ ਭਾਰਤ ਦਾ ਇਹ ਖੇਤਰ 8.02 ਫੀਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ ਅਤੇ 2041 ਤੱਕ ਇੱਥੋਂ ਦੀ ਆਬਾਦੀ 40 ਲੱਖ ਨੂੰ ਪਾਰ ਕਰ ਜਾਵੇਗੀ।
ਐਮ.ਪੀ. ਸੰਧੂ ਅਨੁਸਾਰ, ਇਹ ਨੈੱਟਵਰਕ ਖਰੜ, ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਕੁਰਾਲੀ, ਰੂਪਨਗਰ, ਪਿੰਜੌਰ, ਕਾਲਕਾ ਅਤੇ ਅੰਬਾਲਾ ਵਰਗੇ ਸ਼ਹਿਰਾਂ ਨੂੰ ਆਪਸ ਵਿੱਚ ਜੋੜ ਕੇ ਕਨੈਕਟੀਵਿਟੀ ਮਜ਼ਬੂਤ ਕਰੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੈਟਰੋ ਵਰਗਾ ਆਧੁਨਿਕ ਸਿਸਟਮ ਵਿਕਸਤ ਨਾ ਕੀਤਾ ਗਿਆ, ਤਾਂ ਟ੍ਰਾਈਸਿਟੀ ਵਿੱਚ ਵਾਹਨਾਂ ਦੀ ਰਫ਼ਤਾਰ 15 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਘੱਟ ਰਹਿ ਜਾਵੇਗੀ।
ਚੰਡੀਗੜ੍ਹ ਵਿੱਚ ਵਾਹਨਾਂ ਦੀ ਘਣਤਾ ਦੇਸ਼ ਵਿੱਚ ਸਭ ਤੋਂ ਵੱਧ ਹੈ, ਜਿੱਥੇ 12.5 ਲੱਖ ਦੀ ਆਬਾਦੀ ਲਈ 14.27 ਲੱਖ ਵਾਹਨ ਰਜਿਸਟਰਡ ਹਨ। MP ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਮੈਟਰੋ ਦੇ ਹੋਏ ਬੇਮਿਸਾਲ ਵਿਸਤਾਰ ਦੀ ਸ਼ਲਾਘਾ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਪ੍ਰੋਜੈਕਟ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਇਹ 114 ਕਿਲੋਮੀਟਰ ਲੰਬਾ ਪ੍ਰੋਜੈਕਟ ₹25,000 ਕਰੋੜ ਦੀ ਲਾਗਤ ਨਾਲ ਦੋ ਪੜਾਵਾਂ ਵਿੱਚ ਮੁਕੰਮਲ ਹੋਣਾ ਹੈ, ਜਿਸ ਵਿੱਚ 50 ਅਤਿ-ਆਧੁਨਿਕ ਸਟੇਸ਼ਨ ਬਣਾਏ ਜਾਣਗੇ। ਰਾਈਟਸ (RITES) ਦੀ ਰਿਪੋਰਟ ਅਨੁਸਾਰ, ਸਾਲ 2031 ਤੱਕ ਇਸ ਰਾਹੀਂ ਰੋਜ਼ਾਨਾ ਲਗਭਗ 6.5 ਲੱਖ ਮੁਸਾਫ਼ਰਾਂ ਨੂੰ ਸਫ਼ਰ ਦੀ ਸਹੂਲਤ ਮਿਲੇਗੀ, ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ‘ਤੇ ਠੱਲ੍ਹ ਪਾਈ ਜਾ ਸਕੇਗੀ।
Read More : ਨਸ਼ਾ ਸਮੱਗਲਰ ਨੂੰ 10 ਸਾਲ ਦੀ ਸਜ਼ਾ; ਇਕ ਲੱਖ ਤੋਂ ਵੱਧ ਦਾ ਜੁਰਮਾਨਾ
