ਡੀ.ਐੱਸ.ਪੀ. ਦਾ ਸਿਰ ਪਾਟਿਆ, ਕਈਆਂ ਦੀਆਂ ਪੱਗਾਂ ਲੱਥੀਆਂ : ਟਰੈਕਟਰਾਂ ਨਾਲ ਬੈਰੀਗੇਟ ਤੋੜ ਕੇ ਡੀ.ਸੀ. ਦਫ਼ਤਰ ਵੱਲ ਵਧੇ ਕਿਸਾਨ
ਅੰਮ੍ਰਿਤਸਰ, 22 ਮਾਰਚ : ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਵਿਚਾਲੇ ਹੋਏ ਜ਼ਬਰਦਸਤ ਟਕਰਾਅ ਕਾਰਨ ਅੱਜ ਅੰਮ੍ਰਿਤਸਰ ’ਚ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਵੱਲ ਮਾਰਚ ਕਰ ਰਹੇ ਕਿਸਾਨਾਂ ਨੇ ਰਸਤੇ ’ਚ ਲਗਾਏ ਗਏ ਪੁਲਸ ਬੈਰੀਗੇਟਾਂ ਨੂੰ ਟਰੈਕਟਰਾਂ ਦੀ ਮਦਦ ਨਾਲ ਤੋੜ ਦਿੱਤਾ। ਇਸ ਖਿੱਚੋਤਾਣ ਦੌਰਾਨ ਹੋਏ ਲਾਠੀਚਾਰਜ ਅਤੇ ਜਵਾਬੀ ਕਾਰਵਾਈ ’ਚ ਡੀ.ਐੱਸ.ਪੀ. ਸ਼ਿਵਦਰਸ਼ਨ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਸਿਰ ’ਤੇ ਡਾਂਗ ਵੱਜਣ ਕਾਰਨ ਸਿਰ ਫਟ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਰਾਮ ਤੀਰਥ ਅੱਡੇ ’ਤੇ ਹੋਈ ਜ਼ਬਰਦਸਤ ਝੜਪ
ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਮੋਰਚੇ ਨੇ ਅੱਜ ਡੀ.ਸੀ. ਦਫ਼ਤਰ ਵਿਖੇ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਸੀ। ਜਦੋਂ ਚੋਗਾਵਾਂ ਅਤੇ ਲੋਪੋਕੇ ਸਮੇਤ ਵੱਖ-ਵੱਖ ਕਸਬਿਆਂ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਰਾਮ ਤੀਰਥ ਰਸਤੇ ਰਾਹੀਂ ਸ਼ਹਿਰ ਵੱਲ ਵਧਿਆ, ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ।
ਸਥਿਤੀ ਉਸ ਵੇਲੇ ਨਾਜ਼ੁਕ ਹੋ ਗਈ ਜਦੋਂ ਕਿਸਾਨਾਂ ਨੇ ਰੁਕਣ ਦੀ ਬਜਾਏ ਟਰੈਕਟਰਾਂ ਨਾਲ ਬੈਰੀਗੇਟ ਉਖਾੜ ਦਿੱਤੇ। ਇਸ ਦੌਰਾਨ ਹੋਈ ਧੱਕਾ-ਮੁੱਕੀ ਅਤੇ ਲਾਠੀਚਾਰਜ ਵਿੱਚ ਕਈ ਪੁਲਸ ਮੁਲਾਜ਼ਮਾਂ ਅਤੇ ਕਿਸਾਨਾਂ ਦੀਆਂ ਪੱਗਾਂ ਤੱਕ ਲੱਥ ਗਈਆਂ।
ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਉਹ ਸ਼ਾਂਤਮਈ ਢੰਗ ਨਾਲ ਆਪਣਾ ਮੰਗ-ਪੱਤਰ ਸੌਂਪਣ ਜਾ ਰਹੇ ਸਨ, ਪਰ ਸਰਕਾਰ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਜ਼ਬਰਦਸਤੀ ਰੋਕਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਕਿਸਾਨਾਂ ਨੇ ਮੰਗ ਕੀਤੀ ਕਿ ਖ਼ਰਾਬ ਫ਼ਸਲਾਂ ਲਈ ਘੱਟੋ-ਘੱਟ 70,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਗੰਨੇ ਅਤੇ ਹੋਰ ਫ਼ਸਲਾਂ ਲਈ ਮੁਆਵਜ਼ਾ 1 ਲੱਖ ਤੋਂ 1.25 ਲੱਖ ਰੁਪਏ ਤੱਕ ਕੀਤਾ ਜਾਵੇ, ਕਿਸਾਨਾਂ ਦੇ ਕਰਜ਼ਿਆਂ ’ਤੇ ਵਿਆਜ ਮਾਫ਼ ਕਰਕੇ ਪੂਰੀ ਕਰਜ਼ਾ ਮੁਆਫ਼ੀ ਯਕੀਨੀ ਬਣਾਈ ਜਾਵੇ।
ਮਜ਼ਦੂਰਾਂ ਲਈ ਮੰਗਾਂ ਕਰਦਿਆਂ ਉਨ੍ਹਾਂ ਕਿਹਾ ਕਿ ਮਨਰੇਗਾ ਤਹਿਤ ਕੰਮ ਦੇ ਦਿਨ 200 ਕੀਤੇ ਜਾਣ ਅਤੇ ਦਿਹਾੜੀ ਵਧਾ ਕੇ 700 ਰੁਪਏ ਕੀਤੀ ਜਾਵੇ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਵਧਾ ਕੇ ਘੱਟੋ-ਘੱਟ 3300 ਰੁਪਏ ਮਹੀਨਾ ਕਰਨ ਦੀ ਮੰਗ ਵੀ ਕੀਤੀ ਗਈ।
Read More : ਪੰਜਾਬ ਨੂੰ ਸਿਰਫ਼ ਖੇਤਰੀ ਪਾਰਟੀ ਹੀ ਬਚਾ ਸਕਦੀ ਹੈ : ਸੁਖਬੀਰ ਬਾਦਲ
