ਅਕਾਲੀ ਦਲ ਨੇ ਗਿਣਵਾਏ ਆਪਣੇ ਵਿਕਾਸ ਕਾਰਜ
ਕੋਟਕਪੂਰਾ, 22 ਮਾਰਚ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਨਕ ਨਵੀਂ ਦਾਣਾ ਮੰਡੀ ’ਚ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੀ ਗਈ ‘ਪੰਜਾਬ ਬਚਾਓ’ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ’ਤੇ ਜ਼ੋਰਦਾਰ ਹਮਲੇ ਕੀਤੇ। ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਆਧਾਰਿਤ ਕੌਮੀ ਪਾਰਟੀਆਂ ਸੂਬੇ ’ਤੇ ਸਿਰਫ਼ ਰਾਜ ਕਰਨ ਅਤੇ ਇਸ ਨੂੰ ਲੁੱਟਣ ਵਾਸਤੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਸਲ ਵਿਕਾਸ ਕੇਵਲ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਹੀ ਹੋਇਆ ਹੈ।
ਬਾਦਲ ਨੇ ਮੌਜੂਦਾ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਸ ਬਿਜਲੀ ਸਪਲਾਈ ਦਾ ਦਾਅਵਾ ਕਰ ਰਹੇ ਹਨ, ਉਹ ਅਕਾਲੀ ਸਰਕਾਰ ਵੱਲੋਂ ਲਗਾਏ ਗਏ ਵੱਡੇ ਬਿਜਲੀ ਗਰਿੱਡਾਂ ਅਤੇ ਕੀਤੇ ਗਏ ਬਿਜਲੀ ਸਰਪਲੱਸ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਅੰਕੜੇ ਦਿੰਦਿਆਂ ਦੱਸਿਆ ਕਿ ਸੂਬੇ ਦੇ 15 ਲੱਖ ਟਿਊਬਵੈੱਲ ਕੁਨੈਕਸ਼ਨਾਂ ’ਚੋਂ 13.5 ਲੱਖ ਕੁਨੈਕਸ਼ਨ ਅਕਾਲੀ ਦਲ ਨੇ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਚਾਰ ਸਾਲਾਂ ’ਚ ਵਿਕਾਸ ਕਾਰਜ ਠੱਪ ਕਰ ਦਿੱਤੇ ਹਨ ਅਤੇ ਕਰੋੜਾਂ ਰੁਪਏ ਕੇਵਲ ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮਨਤਾਰ ਸਿੰਘ ਬਰਾੜ ਨੂੰ ਸਫ਼ਲ ਰੈਲੀ ਲਈ ਵਧਾਈ ਦਿੱਤੀ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਲੋਕ-ਪੱਖੀ ਸਕੀਮਾਂ ਦਾ ਜ਼ਿਕਰ ਕੀਤਾ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਆਪਣੇ ਕਾਰਜਕਾਲ ਦੌਰਾਨ ਕੋਟਕਪੂਰਾ ਨੂੰ ਤਹਿਸੀਲ ਬਣਾਉਣ, ਸ਼ਹੀਦ ਭਗਤ ਸਿੰਘ ਕਾਲਜ ਨੂੰ ਸਰਕਾਰੀ ਕਰਵਾਉਣ, ਬਹੁ-ਤਕਨੀਕੀ ਕਾਲਜ, ਜੱਚਾ-ਬੱਚਾ ਹਸਪਤਾਲ ਅਤੇ ਰੇਲਵੇ ਪੁਲ਼ ਜਿਹੇ ਕੀਤੇ ਗਏ ਵਿਕਾਸ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ।
ਰੈਲੀ ਨੂੰ ਜਥੇਦਾਰ ਸ਼ੇਰ ਸਿੰਘ ਮੰਡਵਾਲਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸਤੀਸ਼ ਗਰੋਵਰ, ਰਣਜੀਤ ਸਿੰਘ ਸਿੱਧੂ ਅਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਰਮਬੰਸ ਸਿੰਘ ਬੰਟੀ ਰੋਮਾਣਾ, ਸੂਬਾ ਸਿੰਘ ਬਾਦਲ, ਕੁਲਤਾਰ ਸਿੰਘ ਬਰਾੜ, ਅਨੂੰਪ੍ਰਤਾਪ ਸਿੰਘ ਬਰਾੜ ਅਤੇ ਵੱਡੀ ਗਿਣਤੀ ’ਚ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਰੈਲੀ ਦੌਰਾਨ ਨੌਜਵਾਨਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
Read More : ਸਟੀਲ ਫ਼ੈਕਟਰੀ ’ਚ ਭਿਆਨਕ ਹਾਦਸਾ; ਤਪਦੀ ਭੱਠੀ ’ਚ ਡਿੱਗਣ ਕਾਰਨ ਮਜ਼ਦੂਰ ਜ਼ਿੰਦਾ ਸੜਿਆ
