ਸਟੀਲ ਫ਼ੈਕਟਰੀ

ਸਟੀਲ ਫ਼ੈਕਟਰੀ ’ਚ ਭਿਆਨਕ ਹਾਦਸਾ; ਤਪਦੀ ਭੱਠੀ ’ਚ ਡਿੱਗਣ ਕਾਰਨ ਮਜ਼ਦੂਰ ਜ਼ਿੰਦਾ ਸੜਿਆ

ਸੀ.ਸੀ.ਟੀ.ਵੀ. ’ਚ ਕੈਦ ਹੋਈ ਘਟਨਾ; ਪੁਲਸ ਨੇ ਫ਼ੈਕਟਰੀ ਮਾਲਕ ਖ਼ਿਲਾਫ਼ ਅਪਰਾਧਿਕ ਮਾਮਲਾ ਕੀਤਾ ਦਰਜ

ਲੁਧਿਆਣਾ, 22 ਮਾਰਚ : ਲੁਧਿਆਣਾ ਦੇ ਚੰਡੀਗੜ੍ਹ ਰੋਡ ’ਤੇ ਸਥਿਤ ‘ਵਾਈਟਲ ਸਟੀਲ ਬਾਰਸ ਲਿਮਟਿਡ’ ਫ਼ੈਕਟਰੀ ’ਚ ਨਾਈਟ ਸ਼ਿਫ਼ਟ ਦੌਰਾਨ ਇਕ ਅਜਿਹਾ ਦਰਦਨਾਕ ਹਾਦਸਾ ਵਾਪਰਿਆ, ਜਿਸ ਨੇ ਸਭ ਦੇ ਦਿਲ ਦਹਿਲਾ ਦਿੱਤੇ ਹਨ।

ਫ਼ੈਕਟਰੀ ’ਚ ਕੰਮ ਕਰਦੇ 26 ਸਾਲਾ ਨੌਜਵਾਨ ਸਚਿਨ ਗੌਤਮ ਦੀ ਲੋਹੇ ਦੀ ਤਪਦੀ ਭੱਠੀ ’ਚ ਡਿੱਗਣ ਕਾਰਨ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਚੰਦ ਪਲਾਂ ’ਚ ਹੀ ਭੱਠੀ ਦੇ ਅੰਦਰ ਭਸਮ ਹੋ ਗਿਆ। ਇਹ ਸਾਰੀ ਘਟਨਾ ਫ਼ੈਕਟਰੀ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।

ਸੀ.ਸੀ.ਟੀ.ਵੀ. ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰਾਤ ਵੇਲੇ ਫ਼ੈਕਟਰੀ ’ਚ ਕੰਮ ਆਮ ਵਾਂਗ ਚੱਲ ਰਿਹਾ ਸੀ। ਸਚਿਨ ਜਿਵੇਂ ਹੀ ਭੱਠੀ ਦੇ ਬਿਲਕੁਲ ਨੇੜੇ ਪਹੁੰਚਿਆ, ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧਾ ਭੱਠੀ ਦੇ ਅੰਦਰ ਜਾ ਡਿੱਗਿਆ। ਉਸ ਦੇ ਡਿੱਗਦੇ ਸਾਰ ਹੀ ਭੱਠੀ ਵਿੱਚੋਂ ਅੱਗ ਦੀਆਂ ਉੱਚੀਆਂ ਲਪਟਾਂ ਨਿਕਲੀਆਂ।

ਇਹ ਮੰਜ਼ਰ ਦੇਖ ਕੇ ਉੱਥੇ ਕੰਮ ਕਰ ਰਹੇ ਹੋਰਨਾਂ ਮਜ਼ਦੂਰਾਂ ’ਚ ਭਾਜੜ ਮਚ ਗਈ। ਦਹਿਸ਼ਤ ਦਾ ਆਲਮ ਇਹ ਸੀ ਕਿ ਸਾਥੀ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ, ਪਰ ਸਚਿਨ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਮਿਲਿਆ ਅਤੇ ਉਹ ਪਲਾਂ ’ਚ ਹੀ ਰਾਖ ਦੇ ਢੇਰ ’ਚ ਤਬਦੀਲ ਹੋ ਗਿਆ।

ਪੀੜਤ ਪਰਿਵਾਰ ਨੇ ਫ਼ੈਕਟਰੀ ਮਾਲਕ ਅਸੀਮ ਅਗਰਵਾਲ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ੈਕਟਰੀ ’ਚ ਸੁਰੱਖਿਆ ਦੇ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਸਨ ਅਤੇ ਮਜ਼ਦੂਰਾਂ ਦੀ ਜਾਨ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਸੀ। ਪਰਿਵਾਰ ਲਈ ਸਭ ਤੋਂ ਵੱਧ ਦੁਖਦਾਈ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀਆਂ ਅਸਥੀਆਂ ਜਾਂ ਕੋਈ ਅਵਸੇਸ਼ ਤੱਕ ਨਸੀਬ ਨਹੀਂ ਹੋਏ।

ਹਾਦਸੇ ਤੋਂ ਬਾਅਦ ਭੜਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਪੁਲਸ ਨੇ ‘ਵਾਈਟਲ ਸਟੀਲ ਬਾਰਸ ਲਿਮਟਿਡ’ ਦੇ ਮਾਲਕ ਅਸੀਮ ਅਗਰਵਾਲ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਫ਼ੈਕਟਰੀ ’ਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ, ਜਿਸ ਕਾਰਨ ਇਹ ਕੀਮਤੀ ਜਾਨ ਚਲੀ ਗਈ।

Read More : ਇਕੋ ਪਰਿਵਾਰ ਦੀਆਂ 3 ਔਰਤਾਂ ਦਾ ਕਤਲ; 2 ਬੱਚੇ ਗੰਭੀਰ ਜ਼ਖ਼ਮੀ

Leave a Reply

Your email address will not be published. Required fields are marked *