ਦੇਸ਼ ਭਰ ਦੇ ਮਾਹਰਾਂ ਨੇ ਜੀਵਨ ਵਿਗਿਆਨ, ਸਟਾਰਟਅੱਪਸ ਅਤੇ ਟਿਕਾਊ ਵਿਕਾਸ ’ਤੇ ਕੀਤੇ ਵਿਚਾਰ ਸਾਂਝੇ
ਚੰਡੀਗੜ੍ਹ, 19 ਮਾਰਚ : ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਦੇ ਯੂਨੀਵਰਸਿਟੀ ਸਕੂਲ ਆਫ਼ ਲਾਈਫ਼ ਸਾਇੰਸਿਜ਼ ਵੱਲੋਂ ਜੀਵਨ ਵਿਗਿਆਨ, ਸਿਹਤ ਅਤੇ ਵਾਤਾਵਰਣ ਸਥਿਰਤਾ ’ਤੇ ਦੋ-ਰੋਜ਼ਾ ਤੀਜੀ ਅੰਤਰਰਾਸ਼ਟਰੀ ਕਾਨਫਰੰਸ (ICLSHES–2026) ਕਰਵਾਈ ਗਈ। ਇਹ ਕਾਨਫਰੰਸ ਰੈੱਡ ਰਿਬਨ ਕਲੱਬ, ਪੰਜਾਬ ਯੂਥ ਸਰਵਿਸਿਜ਼, ਇੰਡੀਅਨ ਰੈੱਡ ਕਰਾਸ ਸੋਸਾਇਟੀ, ਮਾਈਕ੍ਰੋਬਾਇਓਲੋਜਿਸਟਸ ਸੋਸਾਇਟੀ ਆਫ਼ ਇੰਡੀਆ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST) ਚੰਡੀਗੜ੍ਹ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਨੇਪਰੇ ਚੜ੍ਹੀ।
ਸਮਾਗਮ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਅਤੇ ਬਾਹਰਾ ਯੂਨੀਵਰਸਿਟੀ ਸ਼ਿਮਲਾ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਨੌਜਵਾਨਾਂ ਵਿੱਚ ਸਟਾਰਟਅੱਪਸ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਵਧੇਗੀ। ਪ੍ਰੋ. (ਡਾ.) ਸਿਮਰਜੀਤ ਕੌਰ (ਡੀਐਸਡਬਲਯੂ) ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਨਫਰੰਸ ਦੀ ਰੂਪ-ਰੇਖਾ ਪੇਸ਼ ਕੀਤੀ।
ਇਸ ਮੌਕੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗੈਸਟ ਆਫ਼ ਆਨਰ ਪ੍ਰੋ. (ਡਾ.) ਦਪਿੰਦਰ ਕੌਰ ਬਖਸ਼ੀ (ਸੰਯੁਕਤ ਨਿਰਦੇਸ਼ਕ, PSCST) ਨੇ ਬੌਧਿਕ ਸੰਪੱਤੀ ਅਧਿਕਾਰਾਂ ਅਤੇ ਨਵੀਨਤਾ-ਅਧਾਰਤ ਵਿਕਾਸ ਬਾਰੇ ਚਾਨਣਾ ਪਾਇਆ।
ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਖੋਜ ਅਤੇ ਉੱਦਮਤਾ ਲਈ ਮਜ਼ਬੂਤ ਈਕੋਸਿਸਟਮ ਬਣਾਉਣ ਅਤੇ ਟਿਕਾਊ ਵਿਕਾਸ ਟੀਚਿਆਂ ’ਤੇ ਜ਼ੋਰ ਦਿੱਤਾ। ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸੀਈਓ ਸੋਮਵੀਰ ਆਨੰਦ ਨੇ ਸਟਾਰਟਅੱਪ ਖੇਤਰ ਵਿੱਚ ਮੌਜੂਦ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਕਾਨਫਰੰਸ ਵਿਚ ਇੰਟੀਗ੍ਰਮ ਆਈਪੀ ਦੇ ਸੀਈਓ ਡਾ. ਸ਼ਵੇਤਾ ਸੇਨ ਥਲਵਾਲ ਨੇ ਬੌਧਿਕ ਸੰਪਤੀ ਅਤੇ ਕੋਂਟੈਂਟ ਫੈਕਟਰੀ ਦੀ ਸੰਸਥਾਪਕ ਰਿਤਿਕਾ ਸਿੰਘ ਨੇ ਡਿਜੀਟਲ ਬ੍ਰਾਂਡਿੰਗ ’ਤੇ ਮਾਹਰ ਭਾਸ਼ਣ ਦਿੱਤੇ।
ਦੂਜੇ ਦਿਨ ਹੋਈ ਪੈਨਲ ਚਰਚਾ ਵਿੱਚ ਪ੍ਰੋ. (ਡਾ.) ਹਰਮਿੰਦਰ ਪਾਲ ਸਿੰਘ (ਪੰਜਾਬ ਯੂਨੀਵਰਸਿਟੀ), ਡਾ. ਜਗਦੀਪ ਸਿੰਘ ਦੁਆ (ਪ੍ਰਿੰਸੀਪਲ, ਸ਼ਿਵਾਲਿਕ ਕਾਲਜ), ਡਾ. ਸਵਰਨਜੀਤ ਸਿੰਘ (ਡਾਇਰੈਕਟਰ, ਐਸਏਐਸ ਫ੍ਰੀ ਪੋਲੀਕਲੀਨਿਕ) ਅਤੇ ਡਾ. ਲਵਨੀਤ ਕੁਮਾਰ ਦੁਬੇ (ਮੈਂਬਰ ਸਕੱਤਰ, ਪੀਪੀਸੀਬੀ) ਨੇ ਅਹਿਮ ਵਿਚਾਰ ਰੱਖੇ। ਸਮਾਗਮ ਦਾ ਅੰਤ ਖੋਜ ਪੱਤਰ ਪੇਸ਼ਕਾਰੀਆਂ ਅਤੇ ਪੋਸਟਰ ਪ੍ਰਦਰਸ਼ਨੀਆਂ ਨਾਲ ਹੋਇਆ।
Read More : ਮੁਗ਼ਲ ਰੋਡ ‘ਤੇ ਭਾਰੀ ਬਰਫ਼ਬਾਰੀ ‘ਚ ਫਸੀ ਸਕਾਰਪੀਓ
