“ਸਾਡੇ ਬਜ਼ੁਰਗ ਸਦਾ ਮਾਨ” ਮੁਹਿੰਮ ਅਧੀਨ ਸੀਨੀਅਰ ਨਾਗਰਿਕਾਂ ਨੂੰ ਮਿਲੀਆਂ ਮੁਫ਼ਤ ਸਿਹਤ ਸੇਵਾਵਾਂ
ਚੰਡੀਗੜ੍ਹ, 18 ਮਾਰਚ : ਪੰਜਾਬ ਸਰਕਾਰ ਵੱਲੋਂ “ਸਾਡੇ ਬਜ਼ੁਰਗ ਸਦਾ ਮਾਨ” ਮੁਹਿੰਮ ਤਹਿਤ ਲਗਾਏ ਗਏ ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਦੌਰਾਨ ਲਗਭਗ 37,000 ਸੀਨੀਅਰ ਨਾਗਰਿਕ ਰਜਿਸਟਰਡ ਹੋਏ ਹਨ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਨੁਸਾਰ, ਸੂਬਾ ਸਰਕਾਰ ਬਜ਼ੁਰਗਾਂ ਨੂੰ ਆਪਣੀ ਕੀਮਤੀ ਵਿਰਾਸਤ ਮੰਨਦੀ ਹੈ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਤੇ ਸਤਿਕਾਰ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ।
ਇਹਨਾਂ ਵਿਸ਼ੇਸ਼ ਸਿਹਤ ਕੈਂਪਾਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਜਾਂਚ, ਕੈਂਸਰ ਸਕ੍ਰੀਨਿੰਗ, ਆਰਥੋਪੈਡਿਕ (ਹੱਡੀਆਂ), ਈ.ਐਨ.ਟੀ (ਨੱਕ, ਕੰਨ, ਗਲਾ), ਫਿਜ਼ੀਓਥੈਰੇਪੀ ਅਤੇ ਮਨੋਵਿਗਿਆਨਕ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ ਹਨ। ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਉਨ੍ਹਾਂ ਨੂੰ ਸਤਿਕਾਰਤ ਜੀਵਨ ਪ੍ਰਦਾਨ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ।
ਸਿਹਤ ਸੇਵਾਵਾਂ ਦੇ ਮੁੱਖ ਅੰਕੜੇ:
ਇਨ੍ਹਾਂ ਕੈਂਪਾਂ ਦੌਰਾਨ 9,015 ਬਜ਼ੁਰਗਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 1,756 ਮੋਤੀਆਬਿੰਦ ਸਰਜਰੀ ਲਈ ਰਜਿਸਟਰ ਹੋਏ ਅਤੇ 539 ਸਫਲ ਆਪਰੇਸ਼ਨ ਕੀਤੇ ਗਏ। ਇਸ ਤੋਂ ਇਲਾਵਾ 4,863 ਬਜ਼ੁਰਗਾਂ ਦੀ ਆਰਥੋਪੈਡਿਕ ਜਾਂਚ, 1,274 ਕੈਂਸਰ ਸਕ੍ਰੀਨਿੰਗ, 6,339 ਐਨ.ਸੀ.ਡੀ ਜਾਂਚਾਂ ਅਤੇ 2,593 ਈ.ਐਨ.ਟੀ ਜਾਂਚਾਂ ਕੀਤੀਆਂ ਗਈਆਂ। ਨਾਲ ਹੀ 1,621 ਬਜ਼ੁਰਗਾਂ ਨੂੰ ਫਿਜ਼ੀਓਥੈਰੇਪੀ ਸੇਵਾਵਾਂ ਵੀ ਦਿੱਤੀਆਂ ਗਈਆਂ।
ਸਰਕਾਰ ਵੱਲੋਂ ਚਲਾਈ ਗਈ ਇਸ ਪਹਿਲਕਦਮੀ ਦਾ ਮਕਸਦ ਬਜ਼ੁਰਗਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
Read More : ਕਪੂਰਥਲਾ ਦੀ ਧੀ ਨੇ ਰਚਿਆ ਇਤਿਹਾਸ; ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ
