65,000 ਨੌਕਰੀਆਂ, ਮੁਫ਼ਤ ਬਿਜਲੀ ਅਤੇ ਸਿੱਖਿਆ ਕ੍ਰਾਂਤੀ ਨਾਲ ਪੰਜਾਬ ਨੇ ਸਿਰਜਿਆ ਇਤਿਹਾਸ; ਵਿਰੋਧੀਆਂ ਦੀ ‘ਫੁੱਟ ਪਾਊ ਸਿਆਸਤ’ ਨੂੰ ਕੀਤਾ ਰੱਦ
ਚੰਡੀਗੜ੍ਹ, 16 ਮਾਰਚ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ‘ਕੰਮ ਦੀ ਸਿਆਸਤ’ ਰਾਹੀਂ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਕੇ ਪੰਜਾਬ ਦੇ ਭਰੋਸੇ ਨੂੰ ਬਰਕਰਾਰ ਰੱਖਿਆ ਹੈ।
ਸਿੱਖਿਆ ਅਤੇ ਸਿਹਤ ਵਿੱਚ ਵੱਡੀ ਤਬਦੀਲੀ
ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਦੇਸ਼ ਭਰ ਵਿੱਚੋਂ ਪਹਿਲੇ ਸਥਾਨ ‘ਤੇ ਲਿਆਂਦਾ ਗਿਆ ਹੈ ਅਤੇ 15,000 ਤੋਂ ਵੱਧ ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ। ਸਿਹਤ ਖੇਤਰ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਰਾਹਤ ਦਿੱਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿੱਚ 7 ਨਵੇਂ ਮੈਡੀਕਲ ਕਾਲਜ ਵੀ ਉਸਾਰੇ ਜਾ ਰਹੇ ਹਨ।
ਕਿਸਾਨੀ, ਰੋਜ਼ਗਾਰ ਅਤੇ ਬਿਜਲੀ ਸੁਧਾਰ
ਪਿਛਲੇ ਚਾਰ ਸਾਲਾਂ ਵਿੱਚ 65,000 ਸਰਕਾਰੀ ਨੌਕਰੀਆਂ ਅਤੇ 5.5 ਲੱਖ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ। ਮੁੱਖ ਮੰਤਰੀ ਅਨੁਸਾਰ 90 ਫੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਬਿੱਲ ਦੀ ਸਹੂਲਤ ਮਿਲ ਰਹੀ ਹੈ। ਕਿਸਾਨਾਂ ਲਈ ਦਿਨ ਵੇਲੇ 8 ਘੰਟੇ ਨਿਰਵਿਘਨ ਬਿਜਲੀ ਅਤੇ 78 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ। ਗੰਨੇ ਦਾ ਭਾਅ 416 ਰੁਪਏ ਪ੍ਰਤੀ ਕੁਇੰਟਲ ਕਰਕੇ ਪੰਜਾਬ ਦੇਸ਼ ਵਿੱਚ ਮੋਹਰੀ ਬਣਿਆ ਹੈ।
ਸਮਾਜ ਭਲਾਈ ਅਤੇ ਸੁਰੱਖਿਆ ਦੇ ਨਵੇਂ ਮਾਪਦੰਡ
ਮਹਿਲਾ ਸਸ਼ਕਤੀਕਰਨ ਲਈ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਅਤੇ ਮੁਫ਼ਤ ਬੱਸ ਸਫ਼ਰ ਵਰਗੀਆਂ ਸਕੀਮਾਂ ਸਫਲਤਾਪੂਰਵਕ ਚੱਲ ਰਹੀਆਂ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਪੰਜਾਬ ਵਿੱਚ ਭਾਰਤ ਦੀ ਪਹਿਲੀ ‘ਸੜਕ ਸੁਰੱਖਿਆ ਫੋਰਸ’ ਸਥਾਪਿਤ ਕੀਤੀ ਗਈ, ਜਿਸ ਨਾਲ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50 ਫੀਸਦੀ ਦੀ ਕਮੀ ਆਈ ਹੈ। ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਸਨਮਾਨ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ।
ਵਿਰੋਧੀਆਂ ‘ਤੇ ਨਿਸ਼ਾਨਾ ਅਤੇ ਭਵਿੱਖ ਦੇ ਐਲਾਨ
ਮੁੱਖ ਮੰਤਰੀ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿੱਥੇ ਰਵਾਇਤੀ ਪਾਰਟੀਆਂ ਸਿਰਫ਼ ਸੱਤਾ ਦੀ ਚਿੰਤਾ ਕਰਦੀਆਂ ਹਨ, ਉੱਥੇ ‘ਆਪ’ ਸਰਕਾਰ ਪੰਜਾਬ ਦੇ ਭਵਿੱਖ ਲਈ ਫਿਕਰਮੰਦ ਹੈ। ਉਨ੍ਹਾਂ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਕ੍ਰਿਕਟ ਸਟੇਡੀਅਮ ਅਤੇ ਜਲੰਧਰ ਵਿੱਚ ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ਅਤਿ-ਆਧੁਨਿਕ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਨਾਲ ਹੀ ਦੱਸਿਆ ਕਿ 20 ਮਾਰਚ ਨੂੰ ਟਾਟਾ ਸਟੀਲ ਪੰਜਾਬ ਵਿੱਚ ਆਪਣਾ ਵੱਡਾ ਨਿਵੇਸ਼ ਪ੍ਰੋਜੈਕਟ ਸ਼ੁਰੂ ਕਰੇਗੀ।
Read More : ਰਾਜ ਸਭਾ ‘ਚ ਗੂੰਜਿਆ ਚੰਡੀਗੜ੍ਹ ਹਵਾਈ ਅੱਡੇ ਦਾ ਮੁੱਦਾ; ਐੱਮ.ਪੀ. ਸੰਧੂ ਨੇ ਕੀਤੀ ਕੌਮਾਂਤਰੀ ਉਡਾਣਾਂ ਵਧਾਉਣ ਦੀ ਮੰਗ
