ਨਰਿੰਦਰ ਜੀਤ ਸਿੰਘ ਬਿੰਦਰਾ ਅਤੇ ਉੱਤਰਾਖੰਡ ਦੇ ਮੁੱਖ ਸਕੱਤਰ ਵਿਚਾਲੇ ਹੋਈ ਅਹਿਮ ਮੀਟਿੰਗ
ਚੰਡੀਗੜ੍ਹ/ਉੱਤਰਾਖੰਡ, 16 ਮਾਰਚ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਆਉਣ ਵਾਲੇ ਯਾਤਰਾ ਸੀਜ਼ਨ ਦੀਆਂ ਤਿਆਰੀਆਂ ਸਬੰਧੀ ਉੱਤਰਾਖੰਡ ਦੇ ਮੁੱਖ ਸਕੱਤਰ ਆਨੰਦ ਵਰਧਨ ਨਾਲ ਮੁਲਾਕਾਤ ਕੀਤੀ।
ਇਸ ਮੀਟਿੰਗ ਤੋਂ ਬਾਅਦ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਪਵਿੱਤਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ, 23 ਮਈ 2026 ਨੂੰ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ। ਘੱਟ ਬਰਫ਼ਬਾਰੀ ਕਾਰਨ ਇਸ ਵਾਰ ਯਾਤਰਾ ਪਿਛਲੇ ਸਾਲਾਂ ਦੇ ਮੁਕਾਬਲੇ ਥੋੜ੍ਹੀ ਜਲਦੀ ਸ਼ੁਰੂ ਹੋ ਰਹੀ ਹੈ।
ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਹਰਿਦੁਆਰ, ਰਿਸ਼ੀਕੇਸ਼, ਸ਼੍ਰੀਨਗਰ, ਰਤੂਡਾ, ਜੋਸ਼ੀਮੱਠ, ਗੋਵਿੰਦਘਾਟ ਅਤੇ ਘੰਗਰੀਆ ਦੀਆਂ ਧਰਮਸ਼ਾਲਾਵਾਂ ਵਿੱਚ ਸ਼ਰਧਾਲੂਆਂ ਲਈ ਮੁਫ਼ਤ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮੁੱਖ ਸਕੱਤਰ ਨੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਵੱਲੋਂ ਚਾਰਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਹਿਮਾਲਿਆ ਦੀਆਂ ਪਹਾੜੀਆਂ ਵਿੱਚ 15,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਿਤ ਇਹ ਪਵਿੱਤਰ ਅਸਥਾਨ ਸਿੱਖ ਧਰਮ ਵਿੱਚ ਬਹੁਤ ਅਧਿਆਤਮਿਕ ਮਹੱਤਵ ਰੱਖਦਾ ਹੈ। ਇੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ, ਜਿਸਦਾ ਵਰਣਨ ਉਨ੍ਹਾਂ ਨੇ ‘ਬਚਿਤਰ ਨਾਟਕ’ ਵਿੱਚ ਕੀਤਾ ਹੈ। ਟਰੱਸਟ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਉੱਚਾਈ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਿਹਤ ਦੀ ਜਾਂਚ ਅਤੇ ਪੂਰੀ ਤਿਆਰੀ ਨਾਲ ਹੀ ਯਾਤਰਾ ‘ਤੇ ਆਉਣ।
Read More : ਪੰਜਾਬ ਦੇ 2162 ਆਂਗਣਵਾੜੀ ਸੈਂਟਰਾਂ ‘ਚ ਬਣਨਗੇ ਨਵੇਂ ਟਾਇਲਟ : ਡਾ. ਬਲਜੀਤ ਕੌਰ
