ਮੁੱਖ ਮੰਤਰੀ ਬੋਲੇ- ਨੌਜਵਾਨਾਂ ਦੇ ਹੱਥਾਂ ‘ਚ ਨਸ਼ੇ ਨਹੀਂ, ਰੁਜ਼ਗਾਰ ਦੇਖਣਾ ਚਾਹੁੰਦਾ ਹਾਂ
ਮੋਹਾਲੀ, 13 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮਿਸ਼ਨ ਰੋਜ਼ਗਾਰ’ ਪਹਿਲਕਦਮੀ ਤਹਿਤ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕੀਤੇ ਗਏ 818 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਕੁੱਲ ਗਿਣਤੀ 65,264 ਹੋ ਗਈ ਹੈ।
ਨਿਯੁਕਤੀ ਪੱਤਰ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਨਸ਼ੇ ਦੇ ਟੀਕਿਆਂ ਦੀ ਬਜਾਏ ਦੁਪਹਿਰ ਦੇ ਖਾਣੇ ਦੇ ਡੱਬੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਵਿੱਚ ਬਿਜਲੀ ਵਿਭਾਗ ਦੇ 459, ਸਥਾਨਕ ਸਰਕਾਰਾਂ ਵਿਭਾਗ ਦੇ 215, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ 129 ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ 15 ਪ੍ਰੋਫੈਸਰ ਅਤੇ ਸਹਾਇਕ ਪ੍ਰੋਫੈਸਰ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਬਿਜਲੀ ਵਿਭਾਗ ਵਿੱਚ 1,750 ਹੋਰ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ, ਜੋ ਜੂਨ 2026 ਤੱਕ ਪੂਰੀ ਕਰ ਲਈ ਜਾਵੇਗੀ।
ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਰਵਾਇਤੀ ਪਾਰਟੀਆਂ ਸਿਰਫ਼ ਆਪਣੇ ਪਰਿਵਾਰਾਂ ਅਤੇ ਸੱਤਾ ਦੀ ਰਾਜਨੀਤੀ ਵਿੱਚ ਰੁੱਝੀਆਂ ਰਹੀਆਂ, ਜਿਸ ਕਾਰਨ ਨੌਜਵਾਨਾਂ ਨੂੰ ਰੁਜ਼ਗਾਰ, ਇਲਾਜ ਅਤੇ ਸਿੱਖਿਆ ਲਈ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਜੇਕਰ ਪੁਰਾਣੀਆਂ ਸਰਕਾਰਾਂ ਪੰਜਾਬ ਪ੍ਰਤੀ ਵਫ਼ਾਦਾਰ ਹੁੰਦੀਆਂ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ। ਉਨ੍ਹਾਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਨੌਕਰੀਆਂ ਕੋਈ ਅਹਿਸਾਨ ਨਹੀਂ, ਸਗੋਂ ਉਨ੍ਹਾਂ ਦੀ ਪ੍ਰਤਿਭਾ ਅਤੇ ਮੈਰਿਟ ਦਾ ਸਨਮਾਨ ਹਨ।
CM ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਖ਼ਜ਼ਾਨੇ ਦੇ ਇੱਕ-ਇੱਕ ਪੈਸੇ ਦੀ ਵਰਤੋਂ ਲੋਕ ਭਲਾਈ ਲਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਜਾਇਦਾਦਾਂ ਚਹੇਤਿਆਂ ਨੂੰ ਵੇਚਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਦੇ ਉਲਟ ਇੱਕ ਨਿੱਜੀ ਥਰਮਲ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਮੁਲਾਜ਼ਮ ‘ਰੰਗਲਾ ਪੰਜਾਬ’ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
Read More : ਮੋਹਾਲੀ ‘ਚ ਇਨਫੋਸਿਸ ਦੇ ਨਵੇਂ ਕੈਂਪਸ ਦਾ ਨੀਂਹ ਪੱਥਰ; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
