ਮੰਤਰੀ ਲਾਲ ਚੰਦ ਕਟਾਰੂਚੱਕ

ਕੇਂਦਰ ਦੀਆਂ ਅਸਫ਼ਲ ਨੀਤੀਆਂ ਕਾਰਨ ਦੇਸ਼ ‘ਚ ਊਰਜਾ ਸੰਕਟ: ਪੰਜਾਬ ਵਿਧਾਨ ਸਭਾ ਵਿਚ ਮਤਾ ਪੇਸ਼

ਐਲਪੀਜੀ ਦੀ ਕਿੱਲਤ ਅਤੇ ਵਧਦੀਆਂ ਕੀਮਤਾਂ ‘ਤੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਤਾਈ ਡੂੰਘੀ ਚਿੰਤਾ

ਚੰਡੀਗੜ੍ਹ, 12 ਮਾਰਚ : ਪੰਜਾਬ ਵਿਧਾਨ ਸਭਾ ਵਿੱਚ ਅੱਜ ਕੇਂਦਰ ਸਰਕਾਰ ਦੀਆਂ ਵਿਦੇਸ਼ ਅਤੇ ਊਰਜਾ ਨੀਤੀਆਂ ਵਿਰੁੱਧ ਇੱਕ ਅਹਿਮ ਮਤਾ ਪੇਸ਼ ਕੀਤਾ ਗਿਆ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਅਤੇ ਦਿਸ਼ਾਹੀਣ ਨੀਤੀਆਂ ਕਾਰਨ ਦੇਸ਼ ਵਿੱਚ ਗੈਸ ਅਤੇ ਬਾਲਣ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਮਤੇ ਉੱਤੇ ਭਲਕੇ ਵੀਰਵਾਰ ਨੂੰ ਸਦਨ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਮੰਤਰੀ ਨੇ ਦੱਸਿਆ ਕਿ ਕੇਂਦਰ ਦੀ ਅਸਫਲ ਵਿਦੇਸ਼ ਨੀਤੀ ਕਾਰਨ ਦੇਸ਼ ਦੀ ਊਰਜਾ ਸੁਰੱਖਿਆ ਖ਼ਤਰੇ ਵਿੱਚ ਪੈ ਗਈ ਹੈ। ਦਿੱਲੀ, ਮੁੰਬਈ, ਬੰਗਲੁਰੂ ਅਤੇ ਚੇਨਈ ਵਰਗੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਪੰਜਾਬ ਵਿੱਚ ਵੀ ਐਲਪੀਜੀ (LPG) ਦੀ ਭਾਰੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਅਨੁਸਾਰ ਜੇਕਰ ਅਗਲੇ 72 ਘੰਟਿਆਂ ਵਿੱਚ ਸਪਲਾਈ ਠੀਕ ਨਾ ਹੋਈ, ਤਾਂ ਹਜ਼ਾਰਾਂ ਰੈਸਟੋਰੈਂਟ ਅਤੇ ਢਾਬੇ ਬੰਦ ਹੋ ਸਕਦੇ ਹਨ। ਪੰਜਾਬ ਵਿੱਚ ਵੀ ਵਪਾਰਕ ਸਿਲੰਡਰਾਂ ਦੀ ਸਪਲਾਈ ਠੱਪ ਹੋਣ ਕਾਰਨ ਛੋਟੇ ਵਪਾਰੀ ਪ੍ਰੇਸ਼ਾਨ ਹਨ।

ਮਤੇ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਜਨਤਾ ਨੂੰ ਰਾਹਤ ਦੇਣ ਦੀ ਬਜਾਏ ਕੀਮਤਾਂ ਵਧਾ ਰਹੀ ਹੈ। ਦਿੱਲੀ ਵਿੱਚ ਘਰੇਲੂ ਸਿਲੰਡਰ ਦੀ ਕੀਮਤ 913 ਰੁਪਏ, ਮੁੰਬਈ ਵਿੱਚ 939 ਰੁਪਏ ਅਤੇ ਚੇਨਈ ਵਿੱਚ 1002 ਰੁਪਏ ਹੋ ਗਈ ਹੈ। ਹਾਲ ਹੀ ਵਿੱਚ ਘਰੇਲੂ ਸਿਲੰਡਰ ਵਿੱਚ 60 ਰੁਪਏ ਅਤੇ ਵਪਾਰਕ ਸਿਲੰਡਰ ਵਿੱਚ 1500 ਰੁਪਏ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤੇ ਦਾ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਕਾਰਨ ਦੇਸ਼ ਦੇ ਹਿੱਤ ਖ਼ਤਰੇ ਵਿੱਚ ਹਨ। ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਅਤੇ ਬਠਿੰਡਾ ਦੇ NFL ਯੂਨਿਟ ਬੰਦ ਹੋਣ ਕਾਰਨ ਆਉਣ ਵਾਲੇ ਸਮੇਂ ਵਿੱਚ ਯੂਰੀਆ ਖਾਦ ਦੀ ਵੀ ਵੱਡੀ ਕਿੱਲਤ ਹੋ ਸਕਦੀ ਹੈ।

ਇਸ ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਐਲਪੀਜੀ ਦੀ ਸਪਲਾਈ ਤੁਰੰਤ ਬਹਾਲ ਕਰੇ ਅਤੇ ਵਧਾਈਆਂ ਗਈਆਂ ਕੀਮਤਾਂ ਨੂੰ ਵਾਪਸ ਲਵੇ। ਨਾਲ ਹੀ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਤਾਂ ਜੋ ਇਸ ਸੰਕਟ ਵਿੱਚੋਂ ਨਿਕਲਿਆ ਜਾ ਸਕੇ।

Read More : ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ‘ਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ

Leave a Reply

Your email address will not be published. Required fields are marked *