Italy

ਇਟਲੀ ’ਚ 6 ਮਿਲੀਅਨ ਲੋਕ ਮੋਟਾਪੇ ਤੋਂ ਪ੍ਰਭਾਵਿਤ, ਹਰ ਤੀਜਾ ਬੱਚਾ ਬਿਮਾਰੀ ਦੀ ਲਪੇਟ ’ਚ

ਵਿਸ਼ਵ ਸਿਹਤ ਸੰਸਥਾ ਨੇ ਮੋਟਾਪੇ ਨੂੰ ਐਲਾਨਿਆ ਮਹਾਂਮਾਰੀ, ਮਾਨਸਿਕ ਸਿਹਤ ’ਤੇ ਵੀ ਪੈ ਰਿਹਾ ਮਾਰੂ ਪ੍ਰਭਾਵ

ਰੋਮ : ਅਜੋਕੇ ਯੁੱਗ ’ਚ ਹਰ ਬੰਦਾ ਸਲਿਮ-ਟਰਿਮ ਹੋਣਾ ਲੋੜਦਾ ਹੈ ਪਰ ਇਹ ਇੱਛਾ ਸਿਰਫ਼ ਉਨ੍ਹਾਂ ਲੋਕਾਂ ਦੀ ਹੀ ਪੂਰੀ ਹੁੰਦੀ ਹੈ ਜਿਹੜੇ ਕਿ ਆਪਣੀ ਸਿਹਤ ਸਬੰਧੀ ਪੂਰੀ ਤਰ੍ਹਾਂ ਚੇਤਨ ਹਨ ਜਾਂ ਜਿਹੜੇ ਕਿ ਕਿਸੇ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰ ਰਹੇ ਹੋਣ। ਦੁਨੀਆਂ ਦੀ ਸਿਰਮੌਰ ਸਿਹਤ ਸੰਸਥਾ “ਵਿਸ਼ਵ ਸਿਹਤ ਆਰਗੇਨਾਈਜੇਸ਼ਨ” ਨੇ ਮੋਟਾਪੇ ਨੂੰ ਅਜਿਹੀ ਮਹਾਂਮਾਰੀ ਐਲਾਨਿਆ ਹੈ ਜਿਹੜੀ ਕਿ ਚੁੱਪ-ਚੁਪੀਤੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਦੁਨੀਆਂ ਭਰ ’ਚ 1 ਅਰਬ ਤੋਂ ਵੱਧ ਲੋਕ ਮੋਟਾਪੇ ਨਾਲ ਜੂਝ ਰਹੇ ਹਨ।

ਇਟਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਮੋਟਾਪੇ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਇਸ ਵਕਤ ਇਟਲੀ ’ਚ ਕਰੀਬ 6 ਮਿਲੀਅਨ ਲੋਕ (ਆਬਾਦੀ ਦਾ 12 ਫੀਸਦੀ) ਮੋਟਾਪੇ ਨਾਲ ਪ੍ਰਭਾਵਿਤ ਹਨ, ਜਿਨ੍ਹਾਂ ਵਿੱਚ ਲਗਭਗ ਅੱਧੇ ਬਾਲਗ (47 ਫੀਸਦੀ) ਜ਼ਿਆਦਾ ਭਾਰ ਵਾਲੇ ਹਨ। ਮੋਟਾਪਾ ਅਜਿਹੀ ਬਿਮਾਰੀ ਹੈ ਜਿਹੜੀ ਕਿ ਹਰ ਉਮਰ ਦੇ ਇਨਸਾਨ ਨੂੰ ਪ੍ਰਭਾਵਿਤ ਕਰ ਰਹੀ ਹੈ। ਇਟਲੀ ’ਚ 3 ਬੱਚਿਆਂ ਵਿੱਚੋਂ ਇਕ ਬੱਚਾ ਮੋਟਾਪੇ ਨਾਲ ਪ੍ਰਭਾਵਿਤ ਹੈ, ਜਦੋਂ ਕਿ ਵੱਡਿਆਂ ਦੀ ਗਿਣਤੀ ਵੀ ਵਾਧੇ ਵੱਲ ਹੈ।

ਜਿਹੜੇ ਲੋਕ ਮੋਟਾਪੇ ਤੋਂ ਪ੍ਰਭਾਵਿਤ ਹੋ ਰਹੇ ਹਨ, ਉਹ ਇਸ ਦੇ ਕਾਰਨਾਂ ਨੂੰ ਦੂਰ ਕਰਨ ਲਈ ਇਲਾਜ ਜ਼ਰੂਰ ਕਰਵਾਉਂਦੇ ਹਨ ਪਰ ਅਫ਼ਸੋਸ ਪਹਿਲੇ ਸਾਲ ਵਿੱਚ ਹੀ ਇਲਾਜ ਛੱਡ ਦਿੰਦੇ ਹਨ। ਇਟਾਲੀਅਨ ਸੁਸਾਇਟੀ ਆਫ਼ ਨਿਊਰੋਸਾਈਕੋਫਾਰਮਾਕੋਲੀ ਦੁਆਰਾ 6 ਖੇਤਰਾਂ ’ਚ ਕੀਤੇ ਮਾਨਸਿਕ ਸਿਹਤ ’ਤੇ ਮੋਟਾਪੇ ਦੇ ਪ੍ਰਭਾਵ ਦੇ ਪਹਿਲੇ ਯੋਜਨਾਬੱਧ ਸਰਵੇਖਣ ’ਚ ਇਹ ਪਾਇਆ ਗਿਆ ਕਿ ਮਾਨਸਿਕ ਸਿਹਤ ਸੇਵਾਵਾਂ ਦੁਆਰਾ ਇਲਾਜ ਕੀਤੇ 17 ਫੀਸਦੀ ਮਰੀਜ਼ ਮੋਟੇ ਸਨ। ਇਹ ਪਾੜਾ 18 ਤੋਂ 34 ਸਾਲ ਦੀ ਉਮਰ ਦੇ ਨੌਜਵਾਨਾਂ ’ਚ ਹੋਰ ਵੀ ਸਪੱਸ਼ਟ ਹੈ।

ਸੰਸਥਾ ਪ੍ਰਧਾਨ ਕਲੋਦੀਓ ਅਤੇ ਮੈਤਿਓ ਅਨੁਸਾਰ ਬਹੁਤ ਸਾਰੇ ਅਧਿਐਨ ਦਰਸਾਉਂਦੇ ਹਨ ਕਿ ਡਿਪਰੈਸ਼ਨ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਮਰੀਜ਼ ਅਧਿਕਤਰ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ। ਇਟਲੀ ਦੇ ਬੱਚਿਆਂ ’ਚ ਵੱਧ ਰਹੇ ਮੋਟਾਪੇ ਨੂੰ ਠੀਕ ਕਰਨ ਲਈ ਰੋਮ ਦੇ ਬੱਚਿਆਂ ਦੇ ਹਸਪਤਾਲ ਵੱਲੋਂ 6 ਤੋਂ 11 ਸਾਲ ਦੇ ਬੱਚਿਆਂ ਲਈ ਇਕ ਵਿਸ਼ੇਸ਼ ਪ੍ਰੋਗਰਾਮ ਵਿਕਸਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 4 ਮਾਰਚ ਨੂੰ ਪੂਰੀ ਦੁਨੀਆਂ ’ਚ ਮੋਟਾਪੇ ਤੋਂ ਜਾਗਰੂਕ ਹੋਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।

Read More : ਵਿਧਾਨ ਸਭਾ ਪਹੁੰਚਿਆ ਇਲੈਕਟ੍ਰੋਹੋਮਿਓਪੈਥੀ ਡਾਕਟਰਾਂ ਦਾ ਵਫ਼ਦ

Leave a Reply

Your email address will not be published. Required fields are marked *