ਟ੍ਰੈਫਿਕ ਜਾਮ ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ
ਚੰਡੀਗੜ੍ਹ, 9 ਮਾਰਚ : ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਰਾਜਿੰਦਰਾ ਪਾਰਕ ਰੋਡ ਸਥਿਤ ਪੈੱਕ-ਨਯਾਗਾਓਂ ਬੈਰੀਅਰ ਦਾ ਦੌਰਾ ਕਰ ਕੇ ਇੱਥੇ ਲਗਾਤਾਰ ਲੱਗ ਰਹੇ ਟ੍ਰੈਫਿਕ ਜਾਮ ਤੇ ਨਾਜਾਇਜ਼ ਕਬਜ਼ਿਆਂ ਦੀ ਗੰਭੀਰ ਸਮੱਸਿਆ ਦਾ ਜਾਇਜ਼ਾ ਲਿਆ।
ਨਯਾਗਾਓਂ ਦੇ ਸਥਾਨਕ ਭਾਜਪਾ ਆਗੂਆਂ ਤੇ ਨਿਵਾਸੀਆਂ ਵੱਲੋਂ ਉਠਾਈਆਂ ਗਈਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਮੇਅਰ ਨੇ ਮੌਕੇ ’ਤੇ ਹੀ ਨਿਗਮ ਤੇ ਪੁਲਸ ਅਧਿਕਾਰੀਆਂ ਨੂੰ ਨਾਜਾਇਜ਼ ਰੇਹੜੀ-ਫੜੀ ਵਾਲਿਆਂ ਨੂੰ ਹਟਾਉਣ ਤੇ ਟ੍ਰੈਫਿਕ ਵਿਵਸਥਾ ਸੁਧਾਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਸਮੇਤ ਪੁਲਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਨਿਰੀਖਣ ਦੌਰਾਨ ਮੇਅਰ ਸੌਰਭ ਜੋਸ਼ੀ ਨੇ ਟ੍ਰੈਫਿਕ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਕ ਆਵਰਸ ਦੌਰਾਨ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਸ਼ਾਰਟ-ਟਰਮ ਐਕਸ਼ਨ ਪਲਾਨ ਤਿਆਰ ਕਰ ਕੇ ਵਾਧੂ ਮੁਲਾਜ਼ਮ ਤਾਇਨਾਤ ਕੀਤੇ ਜਾਣ।
ਇਸ ਦੇ ਨਾਲ ਹੀ ਨਗਰ ਨਿਗਮ ਦੀ ਇਨਫੋਰਸਮੈਂਟ ਟੀਮ ਨੂੰ ਖੇਤਰ ’ਚ ਲਗਾਤਾਰ ਚੈਕਿੰਗ ਕਰਨ ਤੇ ਟ੍ਰੈਫਿਕ ’ਚ ਰੁਕਾਵਟ ਪਾਉਣ ਵਾਲੇ ਨਾਜਾਇਜ਼ ਕਬਜ਼ਾਧਾਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਮੇਅਰ ਨੇ ਇੰਜੀਨੀਅਰਿੰਗ ਵਿੰਗ ਨੂੰ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਲਈ ਵੱਖਰਾ ਟਰੈਕ ਬਣਾਉਣ ਦੀ ਯੋਜਨਾ ਤਿਆਰ ਕਰਨ ਲਈ ਵੀ ਕਿਹਾ।
ਇਸ ਦੌਰੇ ਦੌਰਾਨ ਸਥਾਨਕ ਆਗੂਆਂ ਨੇ ਮੇਅਰ ਦੇ ਧਿਆਨ ’ਚ ਲਿਆਂਦਾ ਕਿ ਇਲਾਕੇ ’ਚ ਸਿਰਫ਼ 5 ਤੋਂ 10 ਰੇਹੜੀ ਵਾਲਿਆਂ ਕੋਲ ਹੀ ਲਾਇਸੈਂਸ ਹਨ, ਜਦਕਿ 100 ਦੇ ਕਰੀਬ ਰੇਹੜੀਆਂ ਨਾਜਾਇਜ਼ ਤੌਰ ’ਤੇ ਲੱਗ ਰਹੀਆਂ ਹਨ। ਮੇਅਰ ਨੇ ਸਥਿਤੀ ਦੀ ਸਮੀਖਿਆ ਕਰਦਿਆਂ ਸਪੱਸ਼ਟ ਕੀਤਾ ਕਿ ਅਗਲੇ ਹਫ਼ਤੇ ਇਨ੍ਹਾਂ ਹਦਾਇਤਾਂ ਦੀ ਪ੍ਰਗਤੀ ਦਾ ਉਹ ਖੁਦ ਮੁੜ ਜਾਇਜ਼ਾ ਲੈਣਗੇ ਤਾਂ ਜੋ ਲੋਕਾਂ ਨੂੰ ਸਥਾਈ ਰਾਹਤ ਮਿਲ ਸਕੇ।
Read More : 12 ਦਿਨ ਬਾਅਦ ਹੋਇਆ ਪੁਲਸ ਮੁਕਾਬਲੇ ’ਚ ਮਾਰੇ ਗਏ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ
