50 ਮੀਟਰ ਦੀ ਦੂਰੀ ’ਤੇ ਮੌਜੂਦ ਸਨ 5 ਸੁਰੱਖਿਆ ਗਾਰਡ, ਪਰ ਕਿਸੇ ਨੂੰ ਨਹੀਂ ਲੱਗੀ ਭਿਣਕ
ਲੁਧਿਆਣਾ, 8 ਮਾਰਚ : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਵਿਖੇ ਨੈਸ਼ਨਲ ਹਾਈਵੇਅ ’ਤੇ ਸਥਿਤ ਆਈ.ਸੀ.ਆਈ.ਸੀ.ਆਈ. ਬੈਂਕ ਦਾ ਏ.ਟੀ.ਐੱਮ. ਕੱਟ ਕੇ ਬੀਤੀ ਰਾਤ ਕਾਰ ਸਵਾਰ ਲੁਟੇਰਿਆਂ ਵੱਲੋਂ 6 ਲੱਖ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ’ਤੇ ਲੁਟੇਰਿਆਂ ਨੇ ਗੈਸ ਕਟਰ ਨਾਲ ਮਸ਼ੀਨ ਕੱਟੀ, ਉੱਥੋਂ ਮਹਿਜ਼ 50 ਗਜ਼ ਦੀ ਦੂਰੀ ’ਤੇ ਇਕ ਨਿੱਜੀ ਕੰਪਨੀ ਦੇ ਪੰਜ ਸੁਰੱਖਿਆ ਕਰਮਚਾਰੀ ਸਾਰੀ ਰਾਤ ਡਿਊਟੀ ’ਤੇ ਸਨ, ਪਰ ਕਿਸੇ ਨੂੰ ਵੀ ਇਸ ਵਾਰਦਾਤ ਦੀ ਖ਼ਬਰ ਨਹੀਂ ਹੋਈ।
ਅੱਜ ਸਵੇਰੇ ਜਦੋਂ ਡਿਊਟੀ ਖ਼ਤਮ ਕਰਕੇ ਸੁਰੱਖਿਆ ਕਰਮਚਾਰੀ ਜਾਣ ਲੱਗੇ, ਤਾਂ ਉਨ੍ਹਾਂ ਨੇ ਏ.ਟੀ.ਐੱਮ. ਦਾ ਸ਼ਟਰ ਉੱਖੜਿਆ ਦੇਖਿਆ। ਇਸ ਤੋਂ ਬਾਅਦ ਤੁਰੰਤ ਬੈਂਕ ਕਰਮਚਾਰੀਆਂ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਸਾਰ ਹੀ ਬੈਂਕ ਕਰਮਚਾਰੀ ਅਨਿਲ ਕੁਮਾਰ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਏ.ਡੀ.ਸੀ.ਪੀ.-1 ਸਮੀਰ ਵਰਮਾ, ਏ.ਸੀ.ਪੀ. ਨਾਰਥ ਕੀਕਰ ਸਿੰਘ ਭੁੱਲਰ, ਥਾਣਾ ਮੁਖੀ ਇੰਸਪੈਕਟਰ ਹਰਸ਼ਵੀਰ ਸਿੰਘ ਸੰਧੂ ਅਤੇ ਚੌਕੀ ਇੰਚਾਰਜ ਜਿੰਦਰ ਲਾਲ ਸਿੱਧੂ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ ਲਗਭਗ 1:30 ਵਜੇ ਲੁਟੇਰਿਆਂ ਨੇ ਗੈਸ ਕਟਰ ਨਾਲ ਮਸ਼ੀਨ ਕੱਟੀ ਅਤੇ 6 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਬੈਂਕ ਕਰਮਚਾਰੀਆਂ ਅਨੁਸਾਰ 6 ਮਾਰਚ ਨੂੰ ਮਸ਼ੀਨ ’ਚ 7 ਲੱਖ ਰੁਪਏ ਪਾਏ ਗਏ ਸਨ, ਜਿਸ ਵਿੱਚੋਂ ਕੁਝ ਰਕਮ ਗਾਹਕਾਂ ਵੱਲੋਂ ਕਢਵਾਈ ਗਈ ਸੀ ਅਤੇ ਬਾਕੀ ਬਚੀ ਸਾਰੀ ਨਕਦੀ ਲੁਟੇਰੇ ਲੈ ਉੱਡੇ।
ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਪੁਲਸ ਵੱਲੋਂ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Read More : ਸੁਨੀਲ ਜਾਖੜ ਨੇ ਸਰਕਾਰ ਦੇ ਬਜਟ ’ਤੇ ਉਠਾਏ ਸਵਾਲ; ਪੁੱਛਿਆ-‘ਵਾਅਦਿਆਂ ਲਈ ਪੈਸਾ ਕਿੱਥੇ ਹੈ?’
