ਕਪੂਰਥਲਾ ਪੁਲਸ

ਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 2 ਗ੍ਰਿਫ਼ਤਾਰ

ਫ਼ਿਲੀਪੀਨਜ਼ ਅਤੇ UAE ਨਾਲ ਜੁੜੇ ਤਾਰ, ਮੱਧ ਪ੍ਰਦੇਸ਼ ਤੋਂ ਲਿਆਂਦੇ 5 ਪਿਸਤੌਲ ਬਰਾਮਦ

ਕਪੂਰਥਲਾ, 8 ਮਾਰਚ : ਕਪੂਰਥਲਾ ਪੁਲਸ ਨੇ ਇਕ ਵੱਡੇ ਹਥਿਆਰ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਕ ਨਾਬਾਲਗ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 7.65 ਐੱਮ.ਐੱਮ. ਦੇ 5 ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ (ਵਾਸੀ ਪਿੰਡ ਮਹਿਰਾਜਵਾਲਾ, ਜਲੰਧਰ) ਅਤੇ ਉਸ ਦੇ 17 ਸਾਲਾ ਨਾਬਾਲਗ ਸਾਥੀ ਵਜੋਂ ਹੋਈ ਹੈ।

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਮੁਲਜ਼ਮ ਫ਼ਿਲੀਪੀਨਜ਼ ਅਤੇ ਸੰਯੁਕਤ ਅਰਬ ਅਮੀਰਾਤ (UAE) ’ਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਮੁਲਜ਼ਮ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਖ਼ਰੀਦ ਕੇ ਪੰਜਾਬ ’ਚ ਅਪਰਾਧਿਕ ਗਿਰੋਹਾਂ ਤੱਕ ਪਹੁੰਚਾਉਂਦੇ ਸਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਇਲਾਕੇ ’ਚ ਫਾਇਰਿੰਗ ਅਤੇ ਫਿਰੌਤੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ।

ਕਪੂਰਥਲਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਪਹਿਲਾਂ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਪਿਸਤੌਲ ਬਰਾਮਦ ਕੀਤਾ। ਅਗਲੇਰੀ ਪੁੱਛਗਿੱਛ ਤੋਂ ਬਾਅਦ ਉਸ ਦੇ ਨਾਬਾਲਗ ਸਾਥੀ ਨੂੰ ਵੀ ਕਾਬੂ ਕਰ ਲਿਆ ਗਿਆ, ਜਿਸ ਕੋਲੋਂ 4 ਹੋਰ ਪਿਸਤੌਲ ਮਿਲੇ। ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਦੇ ਇਕ ਅਣਪਛਾਤੇ ਵਿਅਕਤੀ ਤੋਂ ਕਰੀਬ 87 ਹਜ਼ਾਰ ਰੁਪਏ ’ਚ ਖ਼ਰੀਦੇ ਸਨ।

ਥਾਣਾ ਸਦਰ ਕਪੂਰਥਲਾ ’ਚ ਮਾਮਲਾ ਦਰਜ ਕਰਕੇ ਪੁਲਸ ਹੁਣ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Read More : ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਦੀ ਫਿਰੌਤੀ ਕੇਸ ’ਚ ਪੱਕੀ ਜ਼ਮਾਨਤ ਮਨਜ਼ੂਰ; ਪਿਤਾ ਅਜੇ ਵੀ ਜੇਲ੍ਹ ’ਚ

Leave a Reply

Your email address will not be published. Required fields are marked *