goldy

ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਦੀ ਫਿਰੌਤੀ ਕੇਸ ’ਚ ਪੱਕੀ ਜ਼ਮਾਨਤ ਮਨਜ਼ੂਰ; ਪਿਤਾ ਅਜੇ ਵੀ ਜੇਲ੍ਹ ’ਚ

ਅਦਾਲਤ ਨੇ 60 ਹਜ਼ਾਰ ਦੇ ਬੇਲ-ਬਾਂਡ ’ਤੇ ਦਿੱਤੇ ਰਿਹਾਈ ਦੇ ਹੁਕਮ; ਬਿਨਾਂ ਇਜਾਜ਼ਤ ਮੁਲਕ ਨਾ ਛੱਡਣ ਦੀ ਲਾਈ ਸ਼ਰਤ

ਸ੍ਰੀ ਮੁਕਤਸਰ ਸਾਹਿਬ, 8 ਮਾਰਚ : ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਨੂੰ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਇਕ ਮੁਕੱਦਮੇ ’ਚ ਪੱਕੀ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਪ੍ਰੀਤਪਾਲ ਕੌਰ ਅਤੇ ਉਸ ਦਾ ਪਤੀ ਸ਼ਮਸ਼ੇਰ ਸਿੰਘ 26 ਜਨਵਰੀ 2026 ਤੋਂ ਜੇਲ੍ਹ ’ਚ ਬੰਦ ਸਨ। ਪ੍ਰੀਤਪਾਲ ਕੌਰ ਦੇ ਵਕੀਲ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਲਾਈ ਸੀ, ਜਿਸ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ 60 ਹਜ਼ਾਰ ਰੁਪਏ ਦੇ ਬੇਲ-ਬਾਂਡ ਭਰਨ ਦੀ ਸ਼ਰਤ ’ਤੇ ਜ਼ਮਾਨਤ ਮਨਜ਼ੂਰ ਕਰ ਲਈ ਹੈ।

ਜਾਣਕਾਰੀ ਅਨੁਸਾਰ, ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ 3 ਦਸੰਬਰ 2024 ਨੂੰ ਲਾਗਲੇ ਪਿੰਡ ਦੇ ਇਕ ਅਧਿਆਪਕ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਤਿੰਨ ਵਾਰ ਫੋਨ ਕਰਕੇ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਸ ਸਮੇਂ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਲਗਭਗ ਇਕ ਸਾਲ ਬਾਅਦ, 25 ਜਨਵਰੀ 2026 ਨੂੰ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਧਮਕੀ ਦੇਣ ਵਾਲਾ ਵਿਅਕਤੀ ਗੋਲਡੀ ਬਰਾੜ ਦਾ ਪਿਤਾ ਸ਼ਮਸ਼ੇਰ ਸਿੰਘ ਹੈ।

ਪੁਲਸ ਨੇ ਸ਼ਮਸ਼ੇਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਅਗਲੇ ਦਿਨ ਉਸ ਦੀ ਪਤਨੀ ਪ੍ਰੀਤਪਾਲ ਕੌਰ ਦਾ ਨਾਂ ਵੀ ਸ਼ਾਮਲ ਕਰਕੇ ਦੋਵਾਂ ਨੂੰ 26 ਜਨਵਰੀ 2026 ਨੂੰ ਗ੍ਰਿਫ਼ਤਾਰ ਕਰ ਲਿਆ। ਸਫਾਈ ਧਿਰ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਪ੍ਰੀਤਪਾਲ ਕੌਰ ਦਾ ਨਾਂ ਪਹਿਲੇ ਬਿਆਨਾਂ ’ਚ ਨਹੀਂ ਸੀ ਅਤੇ ਪੁਲਸ ਨੇ ਬਾਅਦ ’ਚ ਉਸ ਨੂੰ ਨਾਜਾਇਜ਼ ਤੌਰ ’ਤੇ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਵੀ ਪ੍ਰੀਤਪਾਲ ਕੌਰ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ।

ਅਦਾਲਤ ਨੇ ਸਫਾਈ ਧਿਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪ੍ਰੀਤਪਾਲ ਕੌਰ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ, ਪਰ ਨਾਲ ਹੀ ਇਹ ਸ਼ਰਤ ਲਗਾਈ ਹੈ ਕਿ ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ ਨਹੀਂ ਜਾ ਸਕੇਗੀ। ਦੂਜੇ ਪਾਸੇ, ਸ਼ਮਸ਼ੇਰ ਸਿੰਘ ਅਜੇ ਵੀ ਜੇਲ੍ਹ ’ਚ ਹੀ ਰਹੇਗਾ।

Read More : ਹਾਈਕੋਰਟ ਵੱਲੋਂ ਸੁਓ-ਮੋਟੋ ਲੈਣ ਤੋਂ ਬਾਅਦ ਰਣਜੀਤ ਸਿੰਘ ਦੀ ਦੇਹ ਦੇ ਸਸਕਾਰ ਦਾ ਫ਼ੈਸਲਾ

Leave a Reply

Your email address will not be published. Required fields are marked *