ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਫਲਤਾ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਦਿੱਤਾ
ਚੰਡੀਗੜ੍ਹ, 8 ਮਾਰਚ : ਪੰਜਾਬ ਸਰਕਾਰ ਦੇ ਘਰ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵੱਲੋਂ ਕੀਤੀ ਗਈ ਜਾਇਦਾਦਾਂ ਦੀ ਈ-ਨਿਲਾਮੀ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋਈ ਇਸ ਪ੍ਰਕਿਰਿਆ ਵਿੱਚ ਨਿਵੇਸ਼ਕਾਂ ਦੇ ਭਰਵੇਂ ਹੁੰਗਾਰੇ ਸਦਕਾ ਗਮਾਡਾ ਨੇ ਕੁੱਲ ₹3,136.97 ਕਰੋੜ ਦੀ ਇਤਿਹਾਸਕ ਆਮਦਨ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਈ-ਨਿਲਾਮੀ 14 ਜਨਵਰੀ, 2026 ਨੂੰ ਸ਼ੁਰੂ ਕੀਤੀ ਗਈ ਸੀ।
ਇਸ ਨਿਲਾਮੀ ਲਈ ਕੁੱਲ 42 ਜਾਇਦਾਦਾਂ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 37 ਜਾਇਦਾਦਾਂ (ਲਗਭਗ 90 ਫੀਸਦੀ) ਸਫਲਤਾਪੂਰਵਕ ਵੇਚੀਆਂ ਗਈਆਂ। ਇਹਨਾਂ ਸਾਈਟਾਂ ਦੀ ਰਿਜ਼ਰਵ ਕੀਮਤ ₹2018.84 ਕਰੋੜ ਰੱਖੀ ਗਈ ਸੀ, ਪਰ ਬੋਲੀਕਾਰਾਂ ਦੇ ਉਤਸ਼ਾਹ ਸਦਕਾ ਇਹ ₹3136.97 ਕਰੋੜ ਵਿੱਚ ਵੇਚੀਆਂ ਗਈਆਂ। ਇਹ ਗਮਾਡਾ ਦੇ ਇਤਿਹਾਸ ਵਿੱਚ ਕਿਸੇ ਇੱਕ ਈ-ਨਿਲਾਮੀ ਤੋਂ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਸ ਪ੍ਰਾਪਤੀ ਨੂੰ ਸੂਬਾ ਸਰਕਾਰ ਦੀ ਵੱਡੀ ਜਿੱਤ ਦੱਸਿਆ ਹੈ। ਉਨ੍ਹਾਂ ਇਸ ਸਫਲਤਾ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨਿਵੇਸ਼ਕ-ਪੱਖੀ ਨੀਤੀਆਂ ਸਿਰ ਬੰਨ੍ਹਿਆ। ਮੁੰਡੀਆਂ ਨੇ ਕਿਹਾ ਕਿ ਯਥਾਰਥਵਾਦੀ ਕੀਮਤਾਂ ਅਤੇ ਮਾਰਕੀਟ ਦੇ ਅਨੁਕੂਲ ਰਣਨੀਤੀ ਕਾਰਨ ਰੀਅਲ ਅਸਟੇਟ ਖੇਤਰ ਵਿੱਚ ਭਾਰੀ ਨਿਵੇਸ਼ ਹੋ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਨਿਲਾਮੀ ਤੋਂ ਇਕੱਠਾ ਹੋਇਆ ਮਾਲੀਆ ਸੂਬੇ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ‘ਤੇ ਖ਼ਰਚ ਕੀਤਾ ਜਾਵੇਗਾ।
Read More : ਈਰਾਨ-ਅਮਰੀਕਾ ਤਣਾਅ: ਪੱਛਮੀ ਏਸ਼ੀਆ ‘ਚ ਜੰਗ ਦੇ ਬੱਦਲ ਛਾਏ
