ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਆਰਿਅਨ ਨੇ ਫ਼ੌਜ ’ਚ ਅਫ਼ਸਰ ਬਣ ਕੇ ਪਰਿਵਾਰਕ ਵਿਰਾਸਤ ਰੱਖੀ ਕਾਇਮ
ਚੰਡੀਗੜ੍ਹ, 8 ਮਾਰਚ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ.ਆਰ.ਐੱਸ.ਏ.ਐੱਫ.ਪੀ.ਆਈ.) ਦੇ 8ਵੇਂ ਕੋਰਸ ਦੇ ਕੈਡਿਟ ਆਰਿਅਨ ਦੱਤ ਨੂੰ ਆਫ਼ੀਸਰਜ਼ ਟ੍ਰੇਨਿੰਗ ਅਕੈਡਮੀ (ਓ.ਟੀ.ਏ.), ਗਯਾ ਵਿਖੇ ਹੋਈ ਪਾਸਿੰਗ ਆਊਟ ਪਰੇਡ (ਪੀ.ਓ.ਪੀ.) ਦੌਰਾਨ ਭਾਰਤੀ ਫ਼ੌਜ ਦੀ ਵੱਕਾਰੀ ‘4 ਹੌਰਸ ਰੈਜ਼ੀਮੈਂਟ’ ’ਚ ਕਮਿਸ਼ਨਡ ਅਫ਼ਸਰ ਚੁਣਿਆ ਗਿਆ ਹੈ। ਇਸ ਪਰੇਡ ਦਾ ਨਿਰੀਖਣ ਲੈਫ਼ਟੀਨੈਂਟ ਜਨਰਲ ਧੀਰਜ ਸੇਠ (ਜੀ.ਓ.ਸੀ.-ਇਨ-ਸੀ, ਦੱਖਣੀ ਕਮਾਂਡ) ਨੇ ਕੀਤਾ।
ਆਰਿਅਨ ਦੱਤ ਮੋਹਾਲੀ ਨਿਵਾਸੀ ਵਕੀਲ ਸੰਗੀਤਾ ਦੱਤ ਅਤੇ ਮਰਹੂਮ ਕਮਾਂਡਰ ਅਮਿਤਾਭ ਦੱਤ ਦੇ ਪੁੱਤਰ ਹਨ। ਫ਼ੌਜ ’ਚ ਅਧਿਕਾਰੀ ਵਜੋਂ ਆਪਣੀ ਪਰਿਵਾਰਕ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਆਰਿਅਨ ਆਪਣੇ ਪਿਤਾ, ਜਿਨ੍ਹਾਂ ਨੇ ਭਾਰਤੀ ਜਲ ਸੈਨਾ ’ਚ ਕਮਾਂਡਰ ਵਜੋਂ ਸੇਵਾ ਨਿਭਾਈ ਸੀ, ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਆਪਣੇ ਪਰਿਵਾਰ ’ਚ ਦੂਜੀ ਪੀੜ੍ਹੀ ਦੇ ਅਧਿਕਾਰੀ ਬਣ ਗਏ ਹਨ।
ਸੰਸਥਾ ਲਈ ਇਹ ਮਾਣ ਦਾ ਪਲ ਹੈ ਕਿਉਂਕਿ ਆਰਿਅਨ ਦੱਤ ‘4 ਹੌਰਸ ਰੈਜ਼ੀਮੈਂਟ’ ’ਚ ਕਮਿਸ਼ਨ ਹਾਸਲ ਕਰਨ ਵਾਲੇ ਇਸ ਇੰਸਟੀਚਿਊਟ ਦੇ ਪਹਿਲੇ ਕੈਡਿਟ ਬਣੇ ਹਨ। ਉਕਤ ਰੈਜ਼ੀਮੈਂਟ ਦਾ ਸੰਸਥਾ ਨਾਲ ਇਕ ਵਿਸ਼ੇਸ਼ ਸਬੰਧ ਵੀ ਹੈ, ਕਿਉਂਕਿ ਇਹ ਇੰਸਟੀਚਿਊਟ ਦੇ ਸੰਸਥਾਪਕ ਡਾਇਰੈਕਟਰ, ਮੇਜਰ ਜਨਰਲ ਬੀ.ਐੱਸ. ਗਰੇਵਾਲ ਦੀ ਮੂਲ ਰੈਜ਼ੀਮੈਂਟ ਰਹੀ ਹੈ।
ਪੰਜਾਬ ਦੇ ਰੁਜ਼ਗਾਰ ਉਤਪਤੀ ਮੰਤਰੀ ਅਮਨ ਅਰੋੜਾ ਨੇ ਆਰਿਅਨ ਦੱਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਆਪਣੇ ਪਰਿਵਾਰ ਅਤੇ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਲਈ ਤਿਆਰ ਕਰਨ ਵਾਸਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ ਨੇ ਦੱਸਿਆ ਕਿ ਸੰਸਥਾ ਦੇ ਹੋਰ ਕੈਡਿਟ ਸੁਖਰਾਜ ਸਿੰਘ ਹੀਰਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਵੀ ਜੁਆਇਨਿੰਗ ਲੈਟਰ ਪ੍ਰਾਪਤ ਹੋਏ ਹਨ, ਜੋ 25 ਮਾਰਚ, 2026 ਨੂੰ ਓ.ਟੀ.ਏ. ਚੇਨਈ ਵਿੱਚ ਜੁਆਇਨ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ 16ਵੇਂ ਕੋਰਸ ਲਈ ਚੋਣ ਪ੍ਰਕਿਰਿਆ ਜਾਰੀ ਹੈ ਅਤੇ ਇੰਟਰਵਿਊ 16 ਮਾਰਚ, 2026 ਨੂੰ ਸ਼ੁਰੂ ਹੋਣ ਜਾ ਰਹੀ ਹੈ।
Read More : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਨਵੀਂ ਕਾਰੋਬਾਰ ਵਿਕਾਸ ਨੀਤੀ ਦੀ ਸ਼ੁਰੂਆਤ
