ਫਰੀਦਕੋਟ ਪੁਲਸ ਵੱਲੋਂ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ
ਫਰੀਦਕੋਟ, 7 ਮਾਰਚ : ਥਾਣਾ ਸਿਟੀ-2 ਫਰੀਦਕੋਟ ਦੀ ਪੁਲਸ ਨੇ ਇਕ ਬਜ਼ੁਰਗ ਦਾ ਕਤਲ ਕਰਨ ਦੇ ਮਾਮਲੇ ’ਚ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਗੋਬਿੰਦਪੁਰਾ ਬਸਤੀ ਦੇ ਵਸਨੀਕ ਕਵਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਿਤਾ ਮੇਜਰ ਸਿੰਘ ਘਰ ’ਚ ਬੱਕਰੀਆਂ ਰੱਖਦਾ ਸੀ।
ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦਾ ਪਿਤਾ ਬੱਕਰੀਆਂ ਨੂੰ ਘਰ ਤੋਂ ਬਾਹਰ ਸੜਕ ’ਤੇ ਗਣਪਤੀ ਸ਼ੈਲਰ ਨੇੜੇ ਘੁਮਾ ਰਿਹਾ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਹੱਥੋਪਾਈ ਕਰਦੇ ਹੋਏ ਉਸ ਨੂੰ ਗੰਭੀਰ ਸੱਟਾਂ ਮਾਰੀਆਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਵੱਲ ਜਾਣ ਲੱਗਾ ਤਾਂ ਦੋਵੇਂ ਵਿਅਕਤੀ ਉਸ ਨੂੰ ਆਉਂਦਾ ਦੇਖ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਹਾਲਤ ’ਚ ਉਸ ਨੇ ਆਪਣੇ ਪਿਤਾ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ। ਮ੍ਰਿਤਕ ਨੇ ਦਮ ਤੋੜਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਦੱਸਿਆ ਸੀ ਕਿ ਦੋਵੇਂ ਵਿਅਕਤੀ ਬੱਕਰੀਆਂ ਚੋਰੀ ਕਰਨ ਦੀ ਨੀਅਤ ਨਾਲ ਆਏ ਸਨ, ਜਿਸ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਇਲਾਜ ਦੌਰਾਨ ਮੇਜਰ ਸਿੰਘ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।
Read More : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮਜੀਠੀਆ ਅਦਾਲਤ ’ਚ ਪੇਸ਼
