ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਸਾਢੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ
ਗੁਰਦਾਸਪੁਰ, 7 ਮਾਰਚ : ਗੁਰਦਾਸਪੁਰ ਦੇ ਜਹਾਜ਼ ਚੌਕ ਜੀ. ਟੀ. ਰੋਡ ਵਿਖੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਦੀ ਹੇਠਲੀ ਮੰਜ਼ਿਲ ਨੂੰ ਸਵੇਰੇ ਤੜਕਸਾਰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਨਾਲ ਹੋਏ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲੱਗ ਸਕਿਆ, ਪਰ ਬੈਂਕ ’ਚ ਰੱਖਿਆ ਸਾਰਾ ਸਾਮਾਨ ਤੇ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ। ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਲਗਾਤਾਰ ਕਰੀਬ ਸਾਢੇ ਤਿੰਨ ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਬੈਂਕ ਮੈਨੇਜਰ ਗਗਨਦੀਪ ਸਿੰਘ ਬਾਜਵਾ, ਫਾਇਰ ਬ੍ਰਿਗੇਡ ਮੁਲਾਜ਼ਮ ਸੁਖਵਿੰਦਰ ਪਾਲ ਸਿੰਘ ਅਤੇ ਏ.ਐੱਸ.ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੈਂਕ ’ਚ ਭਿਆਨਕ ਅੱਗ ਲੱਗ ਗਈ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਬੈਂਕ ਨੂੰ ਅੱਗ ਨੇ ਬੁਰੀ ਤਰ੍ਹਾਂ ਨਾਲ ਆਪਣੀ ਚਪੇਟ ’ਚ ਲਿਆ ਹੋਇਆ ਸੀ ਅਤੇ ਲਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ।
ਫਾਇਰ ਬ੍ਰਿਗੇਡ ਨੇ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ 6 ਗੱਡੀਆਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾ ਲਿਆ। ਹੁਣ ਅੱਗ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ ਹੈ। ਫਿਲਹਾਲ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਪਰ ਦੱਸਿਆ ਜਾ ਰਿਹਾ ਹੈ ਕਿ ਬੈਂਕ ਦਾ ਕੈਸ਼ ਅਜੇ ਸੁਰੱਖਿਅਤ ਹੈ।
