ਮੁੱਖ ਮੰਤਰੀ ਵੱਲੋਂ ਭਾਜਪਾ ਅਤੇ ਚੋਣ ਕਮਿਸ਼ਨ ‘ਤੇ ਬੰਗਾਲੀ ਵੋਟਰਾਂ ਦੇ ਅਧਿਕਾਰ ਖੋਹਣ ਦੀ ਸਾਜ਼ਿਸ਼ ਦਾ ਇਲਜ਼ਾਮ
ਕੋਲਕਾਤਾ, 6 ਮਾਰਚ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (SIR) ਦੌਰਾਨ ਲੱਖਾਂ ਵੋਟਰਾਂ ਦੇ ਨਾਂ ਹਟਾਏ ਜਾਣ ਦੇ ਵਿਰੋਧ ਵਿੱਚ ਕੋਲਕਾਤਾ ਦੇ ਐਸਪਲੇਨੇਡ ਮੈਟਰੋ ਸਟੇਸ਼ਨ ਨੇੜੇ ਧਰਨਾ ਸ਼ੁਰੂ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਚੋਣ ਕਮਿਸ਼ਨ ਉੱਤੇ ਬੰਗਾਲੀ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ।
ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਕਿਹਾ ਕਿ ਕਈ ਜਿਉਂਦੇ ਵੋਟਰਾਂ ਨੂੰ ਗਲਤ ਤਰੀਕੇ ਨਾਲ ‘ਮ੍ਰਿਤਕ’ ਦਿਖਾ ਕੇ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਅਜਿਹੇ ਵੋਟਰਾਂ ਨੂੰ ਸਾਹਮਣੇ ਲਿਆ ਕੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨਗੇ। ਜ਼ਿਕਰਯੋਗ ਹੈ ਕਿ ਤ੍ਰਿਣਮੂਲ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਐਤਵਾਰ ਨੂੰ ਹੀ ਇਸ ਧਰਨੇ ਦਾ ਐਲਾਨ ਕਰਦਿਆਂ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।
ਸਰਕਾਰੀ ਅੰਕੜਿਆਂ ਅਨੁਸਾਰ, ਨਵੰਬਰ ਤੋਂ ਸ਼ੁਰੂ ਹੋਈ ਸੋਧ ਪ੍ਰਕਿਰਿਆ ਤੋਂ ਬਾਅਦ ਲਗਭਗ 63.66 ਲੱਖ ਨਾਂ (8.3 ਫੀਸਦੀ) ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ, ਜਿਸ ਨਾਲ ਵੋਟਰਾਂ ਦੀ ਕੁੱਲ ਗਿਣਤੀ 7.66 ਕਰੋੜ ਤੋਂ ਘਟ ਕੇ 7.04 ਕਰੋੜ ਰਹਿ ਗਈ ਹੈ।
ਇਸ ਤੋਂ ਇਲਾਵਾ 60.06 ਲੱਖ ਹੋਰ ਵੋਟਰਾਂ ਨੂੰ ‘ਨਿਆਂਇਕ ਪੜਤਾਲ’ ਅਧੀਨ ਰੱਖਿਆ ਗਿਆ ਹੈ, ਜਿਸ ਦੀ ਯੋਗਤਾ ਦਾ ਫੈਸਲਾ ਆਉਣ ਵਾਲੇ ਹਫ਼ਤਿਆਂ ਵਿੱਚ ਹੋਵੇਗਾ। ਇਹ ਬਦਲਾਅ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
Read More : ਪੁਲਿਸ ਮੁਲਾਜ਼ਮ ਕਤਲਕਾਂਡ: ਮੁਲਜ਼ਮ ਦਿਲਾਵਰ ਸਿੰਘ ਸਣੇ ਤਿੰਨਾਂ ਦਾ 6 ਦਿਨਾਂ ਦਾ ਹੋਰ ਰਿਮਾਂਡ
