ਗੀਤ ‘ਟਟੀਰੀ’ ਰਾਹੀਂ ਨਸ਼ਿਆਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮਾਂ ਹੇਠ ਸ਼ਿਕਾਇਤ ਦਰਜ
ਸੰਗਰੂਰ, 6 ਮਾਰਚ : ਸਮਾਜ ਵਿੱਚ ਫੈਲ ਰਹੀ ਅਸ਼ਲੀਲਤਾ ਅਤੇ ਨਸ਼ਿਆਂ ਦੇ ਪ੍ਰਸਾਰ ਨੂੰ ਰੋਕਣ ਲਈ ਸੰਗਰੂਰ ਦੇ ਸੁਚੇਤ ਨਾਗਰਿਕਾਂ ਅਤੇ ਕਾਨੂੰਨਦਾਨਾਂ ਨੇ ਵੱਡਾ ਕਦਮ ਚੁੱਕਿਆ ਹੈ। ਸੰਗਰੂਰ ਦੇ ਐਡਵੋਕੇਟ ਕਮਲ ਆਨੰਦ ਅਤੇ ਜਤਿੰਦਰ ਕਾਲੜਾ ਵੱਲੋਂ ਅੱਜ ਥਾਣਾ ਸੰਗਰੂਰ ਸਿਟੀ ਵਿਖੇ ਮਸ਼ਹੂਰ ਰੈਪਰ ਆਦਿਤਿਆ ਪ੍ਰਤੀਕ ਸਿੰਘ ਉਰਫ਼ ਬਾਦਸ਼ਾਹ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਲਈ ਇੱਕ ਰਸਮੀ ਦਰਖਾਸਤ ਦਿੱਤੀ ਗਈ ਹੈ।
ਸ਼ਿਕਾਇਤਕਰਤਾਵਾਂ ਨੇ ਬਾਦਸ਼ਾਹ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ “ਟਟੀਰੀ” (Tateeree) ਉੱਤੇ ਗੰਭੀਰ ਸਵਾਲ ਚੁੱਕੇ ਹਨ। ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗੀਤ ਦੇ ਬੋਲਾਂ ਵਿੱਚ ਕੋਕੀਨ ਵਰਗੇ ਘਾਤਕ ਨਸ਼ੀਲੇ ਪਦਾਰਥ ਨੂੰ “ਬੰਦੀ” (ਸਹੇਲੀ) ਦੱਸ ਕੇ ਨੌਜਵਾਨਾਂ ਵਿੱਚ ਨਸ਼ਾਖੋਰੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਤੋਂ ਇਲਾਵਾ ਗੀਤ ਵਿੱਚ ਔਰਤਾਂ ਪ੍ਰਤੀ ਬੇਹੱਦ ਅਪਮਾਨਜਨਕ ਅਤੇ ਦੋ-ਅਰਥੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜੋ ਜਨਤਕ ਸ਼ਾਲੀਨਤਾ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ।
ਵਕੀਲਾਂ ਨੇ ਮੰਗ ਕੀਤੀ ਹੈ ਕਿ ਸਮਾਜ ਵਿੱਚ ਗਲਤ ਸੰਦੇਸ਼ ਦੇਣ ਵਾਲੇ ਇਸ ਗੀਤ ਲਈ ਬਾਦਸ਼ਾਹ ਵਿਰੁੱਧ ਭਾਰਤੀ ਨਿਆ ਸੰਹਿਤਾ (BNS) 2023 ਦੀਆਂ ਧਾਰਾਵਾਂ 294, 296, 61 ਅਤੇ NDPS ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੀਆਂ ਕਾਪੀਆਂ ਪੰਜਾਬ ਦੇ ਡੀ.ਜੀ.ਪੀ. ਅਤੇ ਐਸ.ਐਸ.ਪੀ. ਸੰਗਰੂਰ ਨੂੰ ਵੀ ਭੇਜੀਆਂ ਗਈਆਂ ਹਨ।
ਐਡਵੋਕੇਟ ਕਮਲ ਆਨੰਦ ਨੇ ਸਰਕਾਰ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਸ ਗੀਤ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾਵਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੀ ਗਾਇਕੀ ਦਾ ਵਿਰੋਧ ਕਰਨ ਤਾਂ ਜੋ ਪੰਜਾਬੀ ਸਭਿਆਚਾਰ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।
Read More : ਧੂਰੀ ਦੇ ਸਰਕਾਰੀ ਹਸਪਤਾਲ ‘ਚੋਂ ਗੋਲੀਆਂ ਚੋਰੀ ਕਰਨ ਵਾਲੇ 5 ਕਾਬੂ
