ਓਟ ਸੈਂਟਰ ‘ਚੋਂ ਚੋਰੀ ਹੋਈਆਂ 18,560 ਨਸ਼ੀਲੀਆਂ ਗੋਲੀਆਂ, ਕੰਪਿਊਟਰ ਅਤੇ ਮੋਟਰਸਾਈਕਲ ਬਰਾਮਦ: ਐੱਸ.ਐੱਸ.ਪੀ. ਸੰਗਰੂਰ
ਸੰਗਰੂਰ, 6 ਮਾਰਚ : ਜ਼ਿਲਾ ਸੰਗਰੂਰ ਪੁਲਿਸ ਨੇ ਧੂਰੀ ਦੇ ਸਰਕਾਰੀ ਹਸਪਤਾਲ ਦੇ ਓਟ ਸੈਂਟਰ ਵਿਖੇ ਹੋਈ ਵੱਡੀ ਚੋਰੀ ਦੇ ਮਾਮਲੇ ਨੂੰ ਮਹਿਜ਼ ਕੁਝ ਦਿਨਾਂ ਵਿਚ ਹੱਲ ਕਰਦਿਆਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀਆਂ ਗਈਆਂ ਹਜ਼ਾਰਾਂ ਗੋਲੀਆਂ ਸਮੇਤ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਹੈ।
ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 2 ਮਾਰਚ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਧੂਰੀ ਦੇ ਸਰਕਾਰੀ ਹਸਪਤਾਲ ਦੇ ਓਟ ਸੈਂਟਰ ਵਿੱਚੋਂ ਬੁਪ੍ਰੇਨੋਰਫਾਈਨ ਦਵਾਈ ਦੀਆਂ ਕੁੱਲ 20,272 ਗੋਲੀਆਂ ਚੋਰੀ ਕਰ ਲਈਆਂ ਗਈਆਂ ਸਨ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ 3 ਮਾਰਚ ਨੂੰ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐਸ.ਪੀ (ਇੰਨਵੈਸਟੀਗੇਸ਼ਨ) ਦਵਿੰਦਰ ਅੱਤਰੀ ਅਤੇ ਡੀ.ਐਸ.ਪੀ (ਡਿਟੈਕਟਿਵ) ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਪੁਲਿਸ ਨੇ ਟੈਕਨੀਕਲ ਜਾਂਚ ਦੇ ਆਧਾਰ ‘ਤੇ ਕਾਰਵਾਈ ਕਰਦਿਆਂ 5 ਮਾਰਚ ਨੂੰ ਧੂਰੀ ਦੇ ਹੀ ਰਹਿਣ ਵਾਲੇ ਵਰਿੰਦਰ ਸਿੰਘ ਉਰਫ਼ ਬੰਟੀ, ਅਨੀਸ ਠਾਕੁਰ ਉਰਫ਼ ਈਲੂ, ਸੋਨੂੰ ਚੋਪੜਾ ਉਰਫ਼ ਡੌਨ, ਹਰਦੀਪ ਸਿੰਘ ਉਰਫ਼ ਬਾਬੂ ਅਤੇ ਪ੍ਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ 18,560 ਗੋਲੀਆਂ, ਇੱਕ ਕੰਪਿਊਟਰ ਸਿਸਟਮ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਦਾ ਸਬੰਧ ਕਿਸੇ ਵੱਡੇ ਨਸ਼ਾ ਤਸਕਰੀ ਨੈੱਟਵਰਕ ਨਾਲ ਤਾਂ ਨਹੀਂ ਹੈ।
Read More : ਬਿਕਰਮ ਮਜੀਠੀਆ ਸੁਰੱਖਿਆ ਮਾਮਲਾ: ਕੇਂਦਰ ਨੇ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਸੌਂਪੀ
