ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੀ ਵਧਾਈ
ਲਹਿਰਾਗਾਗਾ 6 ਮਾਰਚ : ਬਲਾਕ ਸੰਮਤੀ ਅੰਦਾਨਾ ਐਟ ਮੂਨਕ ਅਤੇ ਬਲਾਕ ਸੰਮਤੀ ਲਹਿਰਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਅੱਜ ਸਰਬਸੰਮਤੀ ਨਾਲ ਮੁਕੰਮਲ ਹੋ ਗਈ। ਇਸ ਚੋਣ ਦੌਰਾਨ ਦੋਵਾਂ ਬਲਾਕਾਂ ਵਿਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ, ਜਿਸ ਦਾ ਇਲਾਕਾ ਨਿਵਾਸੀਆਂ ਅਤੇ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਬਲਾਕ ਸੰਮਤੀ ਅੰਦਾਨਾ ਐਟ ਮੂਨਕ ਵਿੱਚ ਹੋਈ ਚੋਣ ਦੌਰਾਨ ਸੁਖਜੀਤ ਕੌਰ ਪਤਨੀ ਗੁਰਮੇਲ ਸਿੰਘ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ, ਜਦਕਿ ਤੇਜਬੀਰ ਸਿੰਘ ਠਸਕਾ ਨੂੰ ਵਾਈਸ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਬਲਾਕ ਸੰਮਤੀ ਲਹਿਰਾ ਵਿੱਚ ਅਵਤਾਰ ਸਿੰਘ ਪਰੋਚਾ ਨੂੰ ਚੇਅਰਮੈਨ ਅਤੇ ਅੰਮ੍ਰਿਤਪਾਲ ਕੌਰ ਪਤਨੀ ਸ਼ਿੰਦਰਪਾਲ ਸਿੰਘ ਨੂੰ ਵਾਈਸ ਚੇਅਰਮੈਨ ਵਜੋਂ ਚੁਣਿਆ ਗਿਆ।
ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਬਲਾਕ ਸੰਮਤੀਆਂ ਦੀ ਭੂਮਿਕਾ ਅਹਿਮ ਹੁੰਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਨਵੀਂ ਟੀਮ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਹਰ ਘਰ ਤੱਕ ਪਹੁੰਚਾਉਣ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਵੇਗੀ।
ਨਵੀਂ ਚੁਣੀ ਗਈ ਚੇਅਰਮੈਨ ਸੁਖਜੀਤ ਕੌਰ ਅਤੇ ਅਵਤਾਰ ਸਿੰਘ ਪਰੋਚਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕਰਨਗੇ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਗੇ। ਵਾਈਸ ਚੇਅਰਮੈਨ ਤੇਜਬੀਰ ਸਿੰਘ ਠਸਕਾ ਅਤੇ ਅੰਮ੍ਰਿਤਪਾਲ ਕੌਰ ਨੇ ਵੀ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਵਿਸ਼ਵਾਸ ਦਿਵਾਇਆ।
ਇਸ ਚੋਣ ਮੌਕੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ‘ਆਪ’ ਦੇ ਅਹੁਦੇਦਾਰ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
Read More : ਬਿਕਰਮ ਮਜੀਠੀਆ ਸੁਰੱਖਿਆ ਮਾਮਲਾ: ਕੇਂਦਰ ਨੇ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਸੌਂਪੀ
