ਗਹਿਣੇ ਲੁੱਟੇ

ਦਿਨ-ਦਿਹਾੜੇ ਸਰਾਫ਼ ਦੇ ਘਰੋਂ 3 ਕਰੋੜ ਦੀ ਨਕਦੀ ਤੇ ਗਹਿਣੇ ਲੁੱਟੇ

ਨਿਹੰਗ ਬਾਣੇ ’ਚ ਆਏ 5-6 ਹਥਿਆਰਬੰਦ ਲੁਟੇਰਿਆਂ ਨੇ ਪਰਿਵਾਰ ਨੂੰ ਬੰਨ੍ਹ ਕੇ ਦਿੱਤਾ ਵਾਰਦਾਤ ਨੂੰ ਅੰਜਾਮ, ਕਾਰ ਤੇ ਡੀ.ਵੀ.ਆਰ. ਵੀ ਲੈ ਗਏ ਨਾਲ

ਗੁਰਦਾਸਪੁਰ, 5 ਮਾਰਚ : ਸ਼ਹਿਰ ਦੇ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-5, ਜੇਲ੍ਹ ਰੋਡ ਸਥਿਤ ਇਕ ਰਿਹਾਇਸ਼ੀ ਕਲੋਨੀ ਵਿੱਚ ਅੱਜ ਸਵੇਰੇ ਲਗਭਗ 8 ਵਜੇ ਦਿਨ-ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਨਿਹੰਗ ਬਾਣੇ ਵਿੱਚ ਆਏ 5-6 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਸਰਾਫ਼ ਵਰੁਣ ਕੁਮਾਰ ਦੇ ਘਰ ਦਾਖ਼ਲ ਹੋ ਕੇ ਪਿਸਤੌਲਾਂ ਦੀ ਨੋਕ ’ਤੇ ਪਰਿਵਾਰਕ ਮੈਂਬਰਾਂ ਨੂੰ ਬੰਨ੍ਹ ਲਿਆ ਅਤੇ ਲਗਭਗ 3 ਕਰੋੜ ਰੁਪਏ ਦੀ ਨਕਦੀ ਤੇ ਕੀਮਤੀ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ, ਜਦੋਂ ਮੁਲਜ਼ਮ ਘਰ ਪਹੁੰਚੇ ਤਾਂ ਬਾਹਰ ਡਰਾਈਵਰ ਕਾਰ ਧੋ ਰਿਹਾ ਸੀ। ਇਨ੍ਹਾਂ ਨੇ ਨਿਹੰਗ ਬਾਣੇ ਵਿੱਚ ਹੋਣ ਕਾਰਨ ਪਹਿਲਾਂ ਸ਼ੱਕ ਪੈਦਾ ਨਾ ਹੋਣ ਦਿੱਤਾ ਅਤੇ ਅੰਦਰ ਦਾਖ਼ਲ ਹੁੰਦੇ ਹੀ ਹਥਿਆਰ ਤਾਣ ਕੇ ਸਭ ਨੂੰ ਕਾਬੂ ਕਰ ਲਿਆ। ਪਰਿਵਾਰਕ ਮੈਂਬਰਾਂ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹ ਕੇ ਮੂੰਹ ’ਤੇ ਟੇਪ ਲਗਾ ਦਿੱਤੀ ਗਈ। ਲੁਟੇਰੇ ਜਾਂਦੇ ਸਮੇਂ ਵਰੁਣ ਕੁਮਾਰ ਦੀ ਕਾਰ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਨਾਲ ਲੈ ਗਏ ਤਾਂ ਜੋ ਕੋਈ ਸਬੂਤ ਨਾ ਰਹੇ।

ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਸ.ਪੀ. ਅਦਿਤਿਯ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਭਾਵੇਂ ਮੁਲਜ਼ਮ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਗਏ ਹਨ, ਪਰ ਪੁਲਸ ਨੂੰ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ। ਵਾਰਦਾਤ ਦੀ ਸਮੀਖਿਆ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ।

ਐਸ.ਐਸ.ਪੀ. ਨੇ ਦੱਸਿਆ ਕਿ ਐਸ.ਪੀ. (ਡੀ) ਡੀ.ਕੇ. ਚੌਧਰੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਇਸ ਦਿਲ ਦਹਿਲਾਉਣ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪਰਿਵਾਰ ਕਾਫ਼ੀ ਸਹਿਮਿਆ ਹੋਇਆ ਹੈ।

Read More : ਆਵਾਰਾ ਕੁੱਤਿਆਂ ਨੇ 2 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰਿਆ

Leave a Reply

Your email address will not be published. Required fields are marked *