ਡਿਪਰੈਸ਼ਨ

ਮਾਨਸਿਕ ਪ੍ਰੇਸ਼ਾਨੀਆਂ ਦੇ ਜਾਲ ’ਚ ਉਲਝ ਰਹੀ ਹੈ ਅਜੋਕੀ ਪੀੜ੍ਹੀ: ‘ਡਿਪਰੈਸ਼ਨ’ ਬਣਿਆ ਸਾਈਲੈਂਟ ਕਿੱਲਰ

ਭਾਰਤ ’ਚ ਰੋਜ਼ਾਨਾ ਔਸਤਨ 400 ਲੋਕ ਮੌਤ ਦੇ ਮੂੰਹ ’ਚ, ਮਾਹਿਰਾਂ ਨੇ ਇਕਾਂਤਵਾਸ ਤੇ ਚਿੜਚਿੜੇਪਨ ਨੂੰ ਦੱਸਿਆ ਚਿੰਤਾਜਨਕ

ਅਜੋਕੇ ਦੌਰ ’ਚ ਮਨੁੱਖ ਨੇ ਬੇਸ਼ੱਕ ਵਿਗਿਆਨਕ ਤਰੱਕੀ ਤਾਂ ਬਹੁਤ ਕਰ ਲਈ ਹੈ, ਪਰ ਮਾਨਸਿਕ ਸਕੂਨ ਪੱਖੋਂ ਉਹ ਕਾਫ਼ੀ ਪਿੱਛੇ ਰਹਿ ਗਿਆ ਹੈ। ਕਈ ਸਰੀਰਕ ਰੋਗਾਂ ਦੇ ਨਾਲ-ਨਾਲ ‘ਡਿਪਰੈਸ਼ਨ’ ਇਕ ਅਜਿਹਾ ਸਾਈਲੈਂਟ ਕਿੱਲਰ ਬਣ ਕੇ ਸਾਹਮਣੇ ਆ ਰਿਹਾ ਹੈ ਜੋ ਇਨਸਾਨ ਨੂੰ ਅੰਦਰੋਂ-ਅੰਦਰੀ ਖੋਖਲਾ ਕਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਭਾਰਤੀ ਸਿਹਤ ਅੰਕੜਿਆਂ ਮੁਤਾਬਕ ਡਿਪਰੈਸ਼ਨ ਹੁਣ ਦੁਨੀਆ ਦੇ 20 ਸਭ ਤੋਂ ਘਾਤਕ ਕਾਰਨਾਂ ’ਚ ਸ਼ਾਮਲ ਹੋ ਗਿਆ ਹੈ, ਜਿਸ ਕਾਰਨ ਭਾਰਤ ’ਚ ਰੋਜ਼ਾਨਾ ਔਸਤਨ ਪੌਣੇ ਚਾਰ ਸੌ ਤੋਂ ਚਾਰ ਸੌ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ।

ਪਿਛਲੇ 15 ਸਾਲਾਂ ਦੌਰਾਨ ਮਾਨਸਿਕ ਰੋਗਾਂ ਦੇ ਮਰੀਜ਼ਾਂ ’ਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ ਹੈ। ਸਾਲ 2011 ਦੇ ਮੁਕਾਬਲੇ 2026 ਤੱਕ ਆਉਂਦੇ-ਆਉਂਦੇ ਇਹ ਸਥਿਤੀ ਬੇਹੱਦ ਚਿੰਤਾਜਨਕ ਹੋ ਗਈ ਹੈ। ਸਭ ਤੋਂ ਦੁਖਦਾਈ ਪਹਿਲੂ ਇਹ ਹੈ ਿਕ ਬਹੁਤ ਸਾਰੇ ਲੋਕਾਂ ਨੂੰ ਲੰਮਾ ਸਮਾਂ ਇਹ ਪਤਾ ਹੀ ਨਹੀਂ ਲੱਗਦਾ ਿਕ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਹਨ, ਜਿਸ ਕਾਰਨ ਉਹ ਇਸ ਨੂੰ ਮਾਮੂਲੀ ਉਦਾਸੀ ਜਾਂ ਕਿਸਮਤ ਦਾ ਲੇਖ ਮੰਨ ਕੇ ਬੈਠੇ ਰਹਿੰਦੇ ਹਨ।

ਸਮਾਜਿਕ ਅਤੇ ਮਨੋਵਿਗਿਆਨਕ ਕਾਰਨ

ਮਾਹਿਰਾਂ ਅਨੁਸਾਰ ਇਸ ਜਾਲ ਦੇ ਫੈਲਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ। ਪਹਿਲਾਂ ਸਾਂਝੇ ਪਰਿਵਾਰਾਂ ’ਚ ਦੁੱਖ-ਸੁੱਖ ਵੰਡਾਉਣ ਲਈ ਬਜ਼ੁਰਗ ਹੁੰਦੇ ਸਨ, ਪਰ ਹੁਣ ਛੋਟੇ ਪਰਿਵਾਰਾਂ (ਨਿਊਕਲੀਅਰ ਫੈਮਿਲੀ) ਦੇ ਰਿਵਾਜ ਕਾਰਨ ਮਨੁੱਖ ਇਕੱਲਾ ਰਹਿ ਗਿਆ ਹੈ। ਸੋਸ਼ਲ ਮੀਡੀਆ ਦੇ ਪ੍ਰਭਾਵ ਕਾਰਨ ਲੋਕਾਂ ਦੇ ਵਰਚੁਅਲ ਦੁਨੀਆ ’ਚ ਹਜ਼ਾਰਾਂ ਦੋਸਤ ਹੋਣ ਦੇ ਬਾਵਜੂਦ ਉਹ ਅਸਲ ਜ਼ਿੰਦਗੀ ’ਚ ਇਕੱਲੇ ਹਨ। ਬੇਰੁਜ਼ਗਾਰੀ ਨਾਲ ਜੂਝ ਰਹੇ ਨੌਜਵਾਨ ਅਤੇ ਪੜ੍ਹਾਈ ਦੇ ਦਬਾਅ ਹੇਠ ਆਏ ਵਿਦਿਆਰਥੀ ਇਸ ਦਾ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਨਸ਼ੇ ਦਾ ਸੇਵਨ ਦਿਮਾਗ ਦੇ ਰਸਾਇਣਕ ਸੰਤੁਲਨ ਨੂੰ ਵਿਗਾੜ ਕੇ ਵਿਅਕਤੀ ਨੂੰ ਡਿਪਰੈਸ਼ਨ ਦੀ ਡੂੰਘੀ ਖਾਈ ’ਚ ਸੁੱਟ ਰਿਹਾ ਹੈ।

ਮੁੱਖ ਲੱਛਣ ਅਤੇ ਨਿਸ਼ਾਨੀਆਂ

ਮਾਹਿਰਾਂ ਅਨੁਸਾਰ ਹਰ ਵੇਲੇ ਚਿੜਚਿੜਾ ਰਹਿਣਾ, ਛੋਟੀਆਂ ਗੱਲਾਂ ’ਤੇ ਗੁੱਸਾ ਕਰਨਾ ਅਤੇ ਪਰਿਵਾਰ ਤੋਂ ਦੂਰੀ ਬਣਾ ਕੇ ਇਕਾਂਤ ’ਚ ਰਹਿਣਾ ਇਸ ਦੀਆਂ ਪ੍ਰਮੁੱਖ ਨਿਸ਼ਾਨੀਆਂ ਹਨ। ਮਰੀਜ਼ ਨੂੰ ਅਕਸਰ ਨੀਂਦ ਦੀ ਕਮੀ ਮਹਿਸੂਸ ਹੁੰਦੀ ਹੈ ਅਤੇ ਅੱਖਾਂ ਬੰਦ ਹੋਣ ’ਤੇ ਵੀ ਦਿਮਾਗ ਲਗਾਤਾਰ ਚੱਲਦਾ ਰਹਿੰਦਾ ਹੈ। ਪਹਿਲਾਂ ਪਸੰਦ ਆਉਣ ਵਾਲੀਆਂ ਚੀਜ਼ਾਂ ’ਚ ਦਿਲਚਸਪੀ ਖ਼ਤਮ ਹੋ ਜਾਣਾ ਅਤੇ ਬਿਨਾਂ ਕਿਸੇ ਸਰੀਰਕ ਕੰਮ ਦੇ ਹਮੇਸ਼ਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਕਰਨਾ ਵੀ ਇਸ ਦੇ ਮੁੱਖ ਸੰਕੇਤ ਹਨ।

ਇਲਾਜ ਅਤੇ ਪਰਿਵਾਰ ਦੀ ਭੂਮਿਕਾ

ਮਨੋਵਿਗਿਆਨੀਆਂ ਦਾ ਕਹਿਣਾ ਹੈ ਿਕ ਡਿਪਰੈਸ਼ਨ ਲਾਇਲਾਜ ਬਿਮਾਰੀ ਨਹੀਂ ਹੈ। ਜੇਕਰ ਸਮੇਂ ਸਿਰ ਮਾਹਿਰ ਦੀ ਸਲਾਹ ਲਈ ਜਾਵੇ ਤਾਂ ਦਵਾਈਆਂ ਅਤੇ ਕੌਂਸਲਿੰਗ ਰਾਹੀਂ ਸੁਧਾਰ ਮੁਮਕਿਨ ਹੈ। ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਿਕ ਉਹ ਅਜਿਹੇ ਵਿਅਕਤੀ ਦਾ ਮਜ਼ਾਕ ਉਡਾਉਣ ਦੀ ਬਜਾਏ ਉਸ ਨੂੰ ਪਿਆਰ ਅਤੇ ਹਮਦਰਦੀ ਦੇਣ। ਮਰੀਜ਼ ਨਾਲ ਵੱਧ ਤੋਂ ਵੱਧ ਗੱਲਬਾਤ ਕਰਨਾ ਅਤੇ ਉਸ ਨੂੰ ਸਿਹਤਮੰਦ ਜੀਵਨ ਸ਼ੈਲੀ, ਯੋਗਾ ਤੇ ਕਸਰਤ ਨਾਲ ਜੋੜਨਾ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

Read More : ਪੰਜਾਬ ਅਤੇ ਚੰਡੀਗੜ੍ਹ ‘ਚ ਹੋਲੀ ਦੀ ਧੂਮ: ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਹੋਲਾ ਮੁਹੱਲਾ’ ਦਾ ਉਤਸ਼ਾਹ

Leave a Reply

Your email address will not be published. Required fields are marked *