ਤੇਲ ਅਵੀਵ/ਤਹਿਰਾਨ, 4 ਮਾਰਚ : ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਭਿਆਨਕ ਜੰਗ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਖ਼ੂਨੀ ਸੰਘਰਸ਼ ਦੇ ਵਿਚਕਾਰ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਦੀ ਰਾਸ ਤਨੂਰਾ ਰਿਫਾਈਨਰੀ ‘ਤੇ ਇੱਕ ਵਾਰ ਫਿਰ ਡਰੋਨ ਹਮਲਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਇਸੇ ਰਿਫਾਈਨਰੀ ‘ਤੇ ਇਰਾਨੀ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਰਾਸ ਤਨੂਰਾ ਸਾਊਦੀ ਅਰਬ ਦੀਆਂ ਸਭ ਤੋਂ ਮਹੱਤਵਪੂਰਨ ਰਿਫਾਈਨਰੀਆਂ ਵਿੱਚੋਂ ਇੱਕ ਹੈ, ਜਿੱਥੇ ਰੋਜ਼ਾਨਾ ਲਗਭਗ 5.50 ਲੱਖ ਬੈਰਲ ਕੱਚਾ ਤੇਲ ਰਿਫਾਈਨ ਕੀਤਾ ਜਾਂਦਾ ਹੈ।
ਦੂਜੇ ਪਾਸੇ ਇਰਾਨ ਵਿੱਚ ਸੱਤਾ ਦੇ ਗਲਿਆਰਿਆਂ ਤੋਂ ਵੱਡੀ ਖ਼ਬਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੇ ਬੇਟੇ ਮੋਜਤਬਾ ਖ਼ਾਮੇਨੇਈ ਨੂੰ ਨਵਾਂ ਸੁਪਰੀਮ ਲੀਡਰ ਚੁਣ ਲਿਆ ਗਿਆ ਹੈ। ਹਾਲਾਂਕਿ, ਇਸ ਦੀ ਅਧਿਕਾਰਤ ਪੁਸ਼ਟੀ ਅਲੀ ਖ਼ਾਮੇਨੇਈ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੀ ਕੀਤੀ ਜਾਵੇਗੀ।
ਇਜ਼ਰਾਈਲ ਦੀ ਸਖ਼ਤ ਚਿਵਨੀ
ਇਰਾਨ ਵਿੱਚ ਨਵੇਂ ਲੀਡਰ ਦੀ ਚੋਣ ਦੀਆਂ ਖ਼ਬਰਾਂ ਦਰਮਿਆਨ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਬੇਹੱਦ ਹਮਲਾਵਰ ਰੁਖ਼ ਅਪਣਾਇਆ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਅਲੀ ਖ਼ਾਮੇਨੇਈ ਤੋਂ ਬਾਅਦ ਇਰਾਨ ਵਿੱਚ ਜੋ ਵੀ ਨਵਾਂ ਲੀਡਰ ਬਣੇਗਾ, ਇਜ਼ਰਾਈਲ ਉਸ ਨੂੰ ਵੀ ਖ਼ਤਮ ਕਰ ਦੇਵੇਗਾ। ਕਾਟਜ਼ ਨੇ ਚਿਤਾਵਨੀ ਦਿੰਦਿਆਂ ਕਿਹਾ, “ਨਾਮ ਜਾਂ ਜਗ੍ਹਾ ਨਾਲ ਕੋਈ ਫਰਕ ਨਹੀਂ ਪੈਂਦਾ, ਇਜ਼ਰਾਈਲ ਉਸ (ਨਵੇਂ ਲੀਡਰ) ਨੂੰ ਲੱਭ ਕੇ ਮਾਰ ਮੁਕਾਏਗਾ।”
Read More : ਬਲਤੇਜ ਪੰਨੂ ਨੇ ਅਦਾਕਾਰ ਐਮੀ ਵਿਰਕ ਨਾਲ ਕੀਤੀ ਗੱਲਬਾਤ
