ਸੰਗਤ ਲਈ ਟਰਾਲੀ ਸਿਟੀ, ਈ-ਰਿਕਸ਼ਾ ਅਤੇ ਆਮ ਆਦਮੀ ਕਲੀਨਿਕਾਂ ਦੀਆਂ ਵਿਸ਼ੇਸ਼ ਸਹੂਲਤਾਂ
ਸ੍ਰੀ ਆਨੰਦਪੁਰ ਸਾਹਿਬ, 3 ਮਾਰਚ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਜੁੜਨ ਵਾਲੀ ਲੱਖਾਂ ਦੀ ਸੰਗਤ ਲਈ ਕੀਤੇ ਗਏ ਵਿਸ਼ਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਵਿੱਤਰ ਨਗਰੀ ਵਿਖੇ ਭਾਰਤ ਦੀ ਪਹਿਲੀ ਸਥਾਈ ਏਅਰ-ਕੰਡੀਸ਼ਨਡ ਟੈਂਟ ਸਿਟੀ ਤਿਆਰ ਕੀਤੀ ਗਈ ਹੈ, ਜੋ ਸਾਰਾ ਸਾਲ ਸ਼ਰਧਾਲੂਆਂ ਨੂੰ ਸੁਖਦ ਰਿਹਾਇਸ਼ ਪ੍ਰਦਾਨ ਕਰੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਾਲ ‘ਗ੍ਰੀਨ ਹੋਲਾ ਮਹੱਲਾ’ ਮਨਾਇਆ ਜਾ ਰਿਹਾ ਹੈ। ਵਾਤਾਵਰਣ ਦੀ ਸੰਭਾਲ ਲਈ ਸਿੰਗਲ-ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਲੰਗਰਾਂ ਵਿੱਚ ਵਰਤੇ ਜਾਣ ਵਾਲੇ ਬਾਇਓਡੀਗ੍ਰੇਡੇਬਲ ਭਾਂਡਿਆਂ ਦਾ ਸਾਰਾ ਖਰਚਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤਾ ਜਾਵੇਗਾ।
ਸੰਗਤ ਦੇ ਪ੍ਰਬੰਧਨ ਲਈ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ 28 ਪਾਰਕਿੰਗ ਜ਼ੋਨ ਅਤੇ ਦੋ ਵਿਸ਼ੇਸ਼ ‘ਟਰਾਲੀ ਸਿਟੀ’ ਸਥਾਪਤ ਕੀਤੀਆਂ ਹਨ। ਮਾਝਾ ਅਤੇ ਦੋਆਬਾ ਦੀ ਸੰਗਤ ਲਈ ਚਰਨ ਗੰਗਾ ਨੇੜੇ ਅਤੇ ਮਾਲਵਾ ਤੇ ਚੰਡੀਗੜ੍ਹ ਦੀ ਸੰਗਤ ਲਈ ਪਿੰਡ ਝਿੰਜੜੀ ਵਿਖੇ ਠਹਿਰਨ ਦੇ ਪ੍ਰਬੰਧ ਕੀਤੇ ਗਏ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਰਗੇ ਧਾਰਮਿਕ ਸਥਾਨਾਂ ਤੱਕ ਪਹੁੰਚਣ ਲਈ 100 ਈ-ਰਿਕਸ਼ਾ ਚਲਾਏ ਜਾਣਗੇ।
ਸਿਹਤ ਅਤੇ ਸੁਰੱਖਿਆ ਪੱਖੋਂ ਹਰ ਮੁੱਖ ਸਥਾਨ ਅਤੇ ਪਾਰਕਿੰਗ ਵਿੱਚ ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ। ਚਰਨ ਗੰਗਾ ਸਟੇਡੀਅਮ ਅਤੇ ਤਖ਼ਤ ਸਾਹਿਬ ਵਿਖੇ ਪੂਰੀ ਤਰ੍ਹਾਂ ਲੈਸ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਲਈ ਚਰਨ ਗੰਗਾ ਸਟੇਡੀਅਮ ਨੇੜੇ ਤਿੰਨ-ਪਰਤੀ ਬੈਰੀਕੇਡਿੰਗ ਪ੍ਰਣਾਲੀ ਲਗਾਈ ਗਈ ਹੈ ਅਤੇ ਨਿਹੰਗ ਸਿੰਘਾਂ ਲਈ ਰਵਾਇਤੀ ਖੇਡਾਂ ਲਈ ਢੁਕਵੀਂ ਜਗ੍ਹਾ ਦਿੱਤੀ ਗਈ ਹੈ।
ਮੰਤਰੀ ਬੈਂਸ ਨੇ ਅੱਗੇ ਦੱਸਿਆ ਕਿ ਪਵਿੱਤਰ ਨਗਰੀ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਪੰਜ ਪਿਆਰਿਆਂ ਦੇ ਪਾਰਕ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਸੰਗਤਾਂ ਨੂੰ ਸਮਾਗਮਾਂ ਨਾਲ ਜੋੜੀ ਰੱਖਣ ਲਈ 20 ਵੱਡੀਆਂ ਐਲਈਡੀ ਸਕ੍ਰੀਨਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਸਮੂਹ ਸੰਗਤ ਨੂੰ ਪਰਿਵਾਰਾਂ ਸਮੇਤ ਇਸ ਇਤਿਹਾਸਕ ਜਸ਼ਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
Read More : ਪੰਜਾਬ ਸਰਕਾਰ ਦਾ ਵੱਡਾ ਕਦਮ: ਮੱਧ ਏਸ਼ੀਆ ‘ਚ ਫਸੇ ਪੰਜਾਬੀਆਂ ਲਈ ਐਮਰਜੈਂਸੀ ਨੰਬਰ ਜਾਰੀ
