Sanjeev-Arora

ਪੰਜਾਬ ਵਿਚ ਉਦਯੋਗਿਕ ਕ੍ਰਾਂਤੀ : ਊਨੀ ਅਤੇ ਫੈਂਸੀ ਧਾਗੇ ਦੇ ਕਾਰੋਬਾਰ ਵਿਚ 750 ਕਰੋੜ ਦਾ ਨਿਵੇਸ਼

ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਨਵੇਂ ਨਿਵੇਸ਼ ਦਾ ਸਵਾਗਤ; 1500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

ਚੰਡੀਗੜ੍ਹ, 3 ਮਾਰਚ : ਪੰਜਾਬ ਦੇ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਇਸੇ ਕੜੀ ਤਹਿਤ ਊਨੀ ਅਤੇ ਫੈਂਸੀ ਧਾਗੇ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਗੰਗਾ ਐਕਰੋਵੂਲਜ਼ ਲਿਮਟਿਡ ਨੇ ਪੰਜਾਬ ਵਿੱਚ ਆਪਣੇ ਕਾਰੋਬਾਰ ਦੇ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ।

ਮੰਤਰੀ ਨੇ ਦੱਸਿਆ ਕਿ ਗੰਗਾ ਐਕਰੋਵੂਲਜ਼ ਲਿਮਟਿਡ 60 ਤੋਂ ਵੱਧ ਦੇਸ਼ਾਂ ਵਿੱਚ ਆਪਣੇ ਉਤਪਾਦ ਭੇਜਦੀ ਹੈ ਅਤੇ ਇਸ ਦਾ ਸਾਲਾਨਾ ਟਰਨਓਵਰ 850 ਕਰੋੜ ਰੁਪਏ ਹੈ। ਕੰਪਨੀ ਵਿੱਚ ਪਹਿਲਾਂ ਹੀ 5600 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਇਸ ਨਵੇਂ ਨਿਵੇਸ਼ ਰਾਹੀਂ ਕੰਪਨੀ 1500 ਤੋਂ ਵੱਧ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ।

ਸੰਜੀਵ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਕੰਪਨੀ ਹੁਣ ਪੰਜਾਬ ਵਿੱਚ 690 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਜਿਸ ਵਿੱਚੋਂ 53 ਕਰੋੜ ਰੁਪਏ ਪਰਾਲੀ ‘ਤੇ ਚੱਲਣ ਵਾਲੇ ਬਾਇਲਰ ਅਤੇ ਟਰਬਾਈਨ ਲਈ ਰੱਖੇ ਗਏ ਹਨ। ਇਸ ਪ੍ਰੋਜੈਕਟ ਨਾਲ ਸਾਲਾਨਾ 1.20 ਲੱਖ ਟਨ ਪਰਾਲੀ ਦੀ ਖਪਤ ਹੋਵੇਗੀ, ਜੋ ਨੇੜਲੇ 20-25 ਕਿਲੋਮੀਟਰ ਦੇ ਖੇਤਰ ਨੂੰ ਪਰਾਲੀ ਸਾੜਨ ਦੇ ਪ੍ਰਦੂਸ਼ਣ ਤੋਂ ਮੁਕਤ ਕਰਨ ਵਿੱਚ ਮਦਦ ਕਰੇਗਾ।

ਕੰਪਨੀ ਦੇ ਪ੍ਰਧਾਨ ਅਮਿਤ ਥਾਪਰ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਵਿੱਚ ਕਾਰੋਬਾਰ ਦੇ ਸਾਜ਼ਗਾਰ ਮਾਹੌਲ ਅਤੇ ਬਿਹਤਰ ਉਦਯੋਗਿਕ ਨੀਤੀਆਂ ਸਦਕਾ ਉਨ੍ਹਾਂ ਨੇ ਨਿਵੇਸ਼ ਰਾਸ਼ੀ ਨੂੰ ਵਧਾ ਕੇ 750 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 400 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਨਿਵੇਸ਼ ਅਗਲੇ 24 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ।

ਇਸ ਵਿਸਥਾਰ ਨਾਲ ਹੁਣ ਬੁਣਾਈ, ਕਾਰਪੇਟ ਅਤੇ ਤਕਨੀਕੀ ਟੈਕਸਟਾਈਲ ਖੇਤਰ ਲਈ ਉੱਚ ਗੁਣਵੱਤਾ ਵਾਲੇ ਧਾਗੇ ਤਿਆਰ ਕੀਤੇ ਜਾਣਗੇ। ਇਸ ਨਾਲ ਨਾ ਸਿਰਫ਼ ਰੋਜ਼ਗਾਰ ਵਧੇਗਾ, ਸਗੋਂ ਸਥਾਨਕ ਐਮ.ਐਸ.ਐਮ.ਈ. (MSME) ਅਤੇ ਸਹਾਇਕ ਇਕਾਈਆਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਪੂਰੇ ਖੇਤਰ ਦੀ ਆਰਥਿਕਤਾ ਮਜ਼ਬੂਤ ਹੋਵੇਗੀ।

Read More : ਪਾਕਿਸਤਾਨ ’ਚ ਅਧਿਕਾਰੀ ਨੇ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ ਇਤਿਹਾਸਕ ਗੁਰਦੁਆਰਾ

Leave a Reply

Your email address will not be published. Required fields are marked *