ਇਤਿਹਾਸਕ ਗੁਰਦੁਆਰਾ

ਪਾਕਿਸਤਾਨ ’ਚ ਅਧਿਕਾਰੀ ਨੇ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ ਇਤਿਹਾਸਕ ਗੁਰਦੁਆਰਾ

ਐਬਟਾਬਾਦ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੁਣ ਦੀ ਵੀ ਦਿੱਤੀ ਇਜਾਜ਼ਤ; ਸਿੱਖ ਭਾਈਚਾਰੇ ’ਚ ਭਾਰੀ ਰੋਸ

ਲਾਹੌਰ, 3 ਮਾਰਚ : ਪਾਕਿਸਤਾਨ ’ਚ ਘੱਟ ਗਿਣਤੀ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਕ ਬਹੁਤ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਐਬਟਾਬਾਦ ਸ਼ਹਿਰ ’ਚ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਇਕ ਅਧਿਕਾਰੀ ਨੇ ਇਕ ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਵੇਚ ਦਿੱਤਾ ਹੈ। ‘ਖਾਲਸਾ ਵੋਕਸ’ ਦੀ ਰਿਪੋਰਟ ਅਨੁਸਾਰ, ਇਸ ਅਧਿਕਾਰੀ ਨੇ ਨਾ ਸਿਰਫ਼ ਜ਼ਮੀਨ ਵੇਚੀ, ਸਗੋਂ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਇਜਾਜ਼ਤ ਵੀ ਦੇ ਦਿੱਤੀ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਇਤਿਹਾਸਕ ਅਸਥਾਨ ਨੂੰ ਖਰੀਦਣ ਵਾਲਾ ਵਿਅਕਤੀ ਹੁਣ ਉੱਥੇ ਆਪਣੀਆਂ ਪਤਨੀਆਂ ਲਈ ਇਕ ਬੁਟੀਕ ਬਣਵਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ‘ਇਵੈਕੁਈ ਟਰੱਸਟ’ ਇਕ ਅਜਿਹੀ ਸੰਸਥਾ ਹੈ, ਜਿਸ ਦੀ ਜ਼ਿੰਮੇਵਾਰੀ ਘੱਟ ਗਿਣਤੀਆਂ ਦੇ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਪੂਜਾ ਅਸਥਾਨਾਂ ਦੀ ਸਾਂਭ-ਸੰਭਾਲ ਕਰਨਾ ਹੈ। ਪਰ ਇਸੇ ਬੋਰਡ ਦੇ ਅਧਿਕਾਰੀ ਵੱਲੋਂ ਕੀਤੇ ਗਏ ਇਸ ਭ੍ਰਿਸ਼ਟਾਚਾਰ ਨੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪਾਕਿਸਤਾਨ ’ਚ ਰਹਿਣ ਵਾਲੇ ਸਿੱਖਾਂ ਨੇ ਇਸ ਘਟਨਾ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਨੂੰ ਵੇਚਣ ਵਾਲੇ ਅਧਿਕਾਰੀ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਸਰਕਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਚਾਉਣ ਲਈ ਤੁਰੰਤ ਦਖ਼ਲ ਦੇਵੇ। ਸਿੱਖ ਸੰਗਤਾਂ ’ਚ ਇਸ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।

Read More : ਸਿਆਸਤ ਨਾਲੋਂ ਸੰਤਾਂ ਦੀ ਸੇਵਾ ਬਹੁਤ ਮਹਾਨ : ਡਾ. ਨਵਜੋਤ ਕੌਰ ਸਿੱਧੂ

Leave a Reply

Your email address will not be published. Required fields are marked *