ਸੰਤ ਰਾਮਪਾਲ ਜੀ ਮਹਾਰਾਜ ਦੇ ਆਸ਼ਰਮ ਪੁੱਜੇ ਸਾਬਕਾ ਵਿਧਾਇਕ; ਸਾਦਗੀ ਨਾਲ ਹੋਏ ਵਿਆਹਾਂ ਅਤੇ ਸਮਾਜਿਕ ਕੰਮਾਂ ਦੀ ਕੀਤੀ ਤਾਰੀਫ਼
ਅੰਮ੍ਰਿਤਸਰ, 3 ਮਾਰਚ : ਡਾ. ਨਵਜੋਤ ਕੌਰ ਸਿੱਧੂ ਹਾਲ ਹੀ ’ਚ ਸੰਤ ਰਾਮਪਾਲ ਜੀ ਮਹਾਰਾਜ ਦੇ ਆਸ਼ਰਮ ਪੁੱਜੇ। ਆਸ਼ਰਮ ਦੀ ਵਿਵਸਥਾ ਵੇਖ ਕੇ ਉਨ੍ਹਾਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਧਰਤੀ ’ਤੇ ਸਵਰਗ ਵਰਗਾ ਅਹਿਸਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲਯੁੱਗ ’ਚ ਸਤਯੁੱਗ ਦਾ ਜੋ ਸੁਪਨਾ ਉਹ ਵੇਖਦੇ ਸਨ, ਉਹ ਅੱਜ ਇੱਥੇ ਸੱਚ ਹੁੰਦਾ ਦਿਖ ਰਿਹਾ ਹੈ।
ਰਾਜਨੀਤੀ ਅਤੇ ਅਧਿਆਤਮ ਦੀ ਤੁਲਨਾ ਕਰਦਿਆਂ ਡਾ. ਸਿੱਧੂ ਨੇ ਕਿਹਾ ਕਿ ਸੰਤਾਂ ਦੀ ਸੇਵਾ ਰਾਜਨੀਤੀ ਤੋਂ ਕਿਤੇ ਉੱਪਰ ਅਤੇ ਮਹਾਨ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਅੱਜ ਦੇ ਰਾਜਨੀਤਕ ਲੋਕ ਆਪਣੀ ਪਛਾਣ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ’ਚ ਰਾਜਾ-ਮਹਾਰਾਜਾ ਸੰਤਾਂ ਅਤੇ ਵਿਦਵਾਨਾਂ ਤੋਂ ਸੇਧ ਲੈਂਦੇ ਸਨ, ਪਰ ਅੱਜ ਕੁਰਸੀ ’ਤੇ ਬੈਠਣ ਵਾਲੇ ਨੂੰ ਲੱਗਦਾ ਹੈ ਕਿ ਉਹ ਬਹੁਤ ਵੱਡਾ ਬਣ ਗਿਆ ਹੈ। ਉਨ੍ਹਾਂ ਮੁਤਾਬਕ ਅਸਲੀ ‘ਕੁਰਸੀ’ ਅਤੇ ਤਾਕਤ ਤਾਂ ਇਨ੍ਹਾਂ ਸੰਤਾਂ ਕੋਲ ਹੈ, ਜੋ ਲੋਕਾਂ ਨੂੰ ਸੱਚਾਈ ਦਾ ਰਾਹ ਦਿਖਾ ਰਹੇ ਹਨ।
ਬਿਨਾਂ ਦਾਜ ਦੇ ਵਿਆਹਾਂ ਦੀ ਕੀਤੀ ਸ਼ਲਾਘਾ
ਆਸ਼ਰਮ ’ਚ ਬਿਨਾਂ ਦਾਜ ਦੇ ਸਿਰਫ਼ 17 ਮਿੰਟਾਂ ’ਚ ਹੋਏ 7 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਵੇਖ ਕੇ ਡਾ. ਸਿੱਧੂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਰਿਵਾਰ ’ਚ ਵੀ ਉਨ੍ਹਾਂ ਦੀ ਬੇਟੀ ਅਤੇ ਨੂੰਹ ਦੇ ਵਿਆਹ ਇਸੇ ਤਰ੍ਹਾਂ ਸਾਦਗੀ ਨਾਲ ਹੋਏ ਹਨ। ਉਨ੍ਹਾਂ ਕਿਹਾ ਕਿ ਧੀ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਆਸ਼ਰਮ ਵੱਲੋਂ ਮਰਦ-ਔਰਤ ਨੂੰ ਬਰਾਬਰ ਦਾ ਦਰਜਾ ਦੇਣਾ ਸਮਾਜ ਲਈ ਇਕ ਮਿਸਾਲ ਹੈ।
ਨਿੱਜੀ ਸਫ਼ਰ ਅਤੇ ਅੰਗ ਦਾਨ
ਆਪਣੇ ਨਿੱਜੀ ਜੀਵਨ ਬਾਰੇ ਗੱਲ ਕਰਦਿਆਂ ਡਾ. ਸਿੱਧੂ ਨੇ ਦੱਸਿਆ ਕਿ ਉਹ ਹਮੇਸ਼ਾ ਸੰਤਾਂ ਦੇ ਸੰਪਰਕ ’ਚ ਰਹੇ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਆਪਣੇ ਸਰੀਰ ਦਾਨ ਕੀਤੇ ਹੋਏ ਹਨ। ਕੈਂਸਰ ਵਰਗੀ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਕਿ ਉਨ੍ਹਾਂ ਦੇ ਅੰਗ ਸੁਰੱਖਿਅਤ ਹਨ, ਤਾਂ ਜੋ ਉਹ ਲੋਕਾਂ ਦੇ ਕੰਮ ਆ ਸਕਣ।
Read More : ਭਾਰਤ ਨੂੰ ਯੂਰੇਨੀਅਮ ਦੇਵੇਗਾ ਕੈਨੇਡਾ; ਮੋਦੀ ਅਤੇ ਕਾਰਨੀ ਵਿਚਾਲੇ ਹੋਇਆ ਇਤਿਹਾਸਕ ਸਮਝੌਤਾ
