ਗਰਭਵਤੀ ਔਰਤਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ
ਚੰਡੀਗੜ੍ਹ, 2 ਮਾਰਚ: ਮੰਗਲਵਾਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਧਾਰਮਿਕ ਅਤੇ ਜੋਤਿਸ਼ ਪੱਖੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਜੋਤਿਸ਼ ਪੰ. ਸ਼ਿਵਮ ਭਾਰਦਵਾਜ ਅਨੁਸਾਰ ਗ੍ਰਹਿਣ ਦਾ ਸਮਾਂ ਅਧਿਆਤਮਿਕ ਊਰਜਾ ਦਾ ਹੁੰਦਾ ਹੈ, ਪਰ ਇਸ ਦੌਰਾਨ ਸੰਜਮ ਅਤੇ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਮੰਦਰਾਂ ਦੇ ਕਪਾਟ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਸਾਰੇ ਸ਼ੁਭ ਕੰਮ ਰੋਕ ਦਿੱਤੇ ਜਾਂਦੇ ਹਨ।
ਕੀ ਕਰਨਾ ਚਾਹੀਦਾ ਹੈ?
ਪੰ. ਸ਼ਿਵਮ ਭਾਰਦਵਾਜ ਨੇ ਦੱਸਿਆ ਕਿ ਗ੍ਰਹਿਣ ਦੌਰਾਨ ਕੀਤੇ ਗਏ ਮੰਤਰ ਜਾਪ ਅਤੇ ਧਿਆਨ ਦਾ ਵਿਸ਼ੇਸ਼ ਫਲ ਮਿਲਦਾ ਹੈ:
ਆਪਣੇ ਇਸ਼ਟ ਦੇਵਤਾ ਦਾ ਧਿਆਨ ਕਰੋ ਜਾਂ ਮਹਾਮ੍ਰਿਤਿਊਂਜਯ ਮੰਤਰ ਦਾ ਜਾਪ ਕਰੋ।
ਗ੍ਰਹਿਣ ਖ਼ਤਮ ਹੋਣ ਤੋਂ ਬਾਅਦ ਇਸ਼ਨਾਨ ਕਰਕੇ ਲੋੜਵੰਦਾਂ ਨੂੰ ਅੰਨ, ਕੱਪੜੇ ਜਾਂ ਧਨ ਦਾ ਦਾਨ ਕਰੋ।
ਘਰ ’ਚ ਗੰਗਾ ਜਲ ਦਾ ਛਿੜਕਾਅ ਕਰੋ ਤਾਂ ਜੋ ਵਾਤਾਵਰਣ ਦੀ ਸ਼ੁੱਧੀ ਹੋ ਸਕੇ।
ਕੀ ਨਾ ਕਰੋ (ਖ਼ਾਸ ਕਰਕੇ ਗਰਭਵਤੀ ਔਰਤਾਂ ਲਈ)?
ਜੋਤਿਸ਼ ਅਨੁਸਾਰ ਗ੍ਰਹਿਣ ਕਾਲ ’ਚ ਕੁਝ ਕੰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ:
ਗਰਭਵਤੀ ਔਰਤਾਂ ਘਰੋਂ ਬਾਹਰ ਨਾ ਨਿਕਲਣ ਅਤੇ ਨੁਕੀਲੀਆਂ ਚੀਜ਼ਾਂ (ਜਿਵੇਂ ਸੂਈ, ਕੈਂਚੀ) ਦੀ ਵਰਤੋਂ ਨਾ ਕਰਨ।
ਗ੍ਰਹਿਣ ਦੌਰਾਨ ਖਾਣਾ ਖਾਣ, ਬਾਲ ਕਟਵਾਉਣ, ਨਹੁੰ ਕੱਟਣ ਜਾਂ ਸਿਲਾਈ-ਕਢਾਈ ਵਰਗੇ ਕੰਮਾਂ ਤੋਂ ਬਚੋ।
ਕੋਈ ਵੀ ਨਵਾਂ ਜਾਂ ਸ਼ੁਭ ਕੰਮ ਸ਼ੁਰੂ ਨਾ ਕਰੋ।
ਭੋਜਨ ਅਤੇ ਸ਼ੁੱਧੀਕਰਨ
ਪੰਡਿਤ ਜੀ ਨੇ ਸਲਾਹ ਦਿੱਤੀ ਹੈ ਕਿ ਗ੍ਰਹਿਣ ਲੱਗਣ ਤੋਂ ਪਹਿਲਾਂ ਬਣੇ ਹੋਏ ਖਾਣੇ ’ਚ ਤੁਲਸੀ ਦਾ ਪੱਤਾ ਰੱਖ ਦਿਓ। ਗ੍ਰਹਿਣ ਖ਼ਤਮ ਹੋਣ ਤੋਂ ਬਾਅਦ ਤਾਜ਼ਾ ਭੋਜਨ ਬਣਾ ਕੇ ਖਾਣਾ ਹੀ ਉਚਿਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਨਿਯਮਾਂ ਦਾ ਮਕਸਦ ਡਰ ਫੈਲਾਉਣਾ ਨਹੀਂ, ਸਗੋਂ ਰਵਾਇਤੀ ਮਾਨਤਾਵਾਂ ਰਾਹੀਂ ਸੁਰੱਖਿਅਤ ਰਹਿਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਕੁੰਡਲੀ ’ਚ ਚੰਦਰਮਾ ਕਮਜ਼ੋਰ ਹੈ, ਉਨ੍ਹਾਂ ਨੂੰ ਦਾਨ-ਪੁੰਨ ਜ਼ਰੂਰ ਕਰਨਾ ਚਾਹੀਦਾ ਹੈ।
Read More : ਹਵਾਈ ਫ਼ੌਜ ਦੇ ਰਿਟਾਇਰਡ ਅਧਿਕਾਰੀ ਦੇ ਪੋਤੇ ਦਾ ਗੋਲੀ ਮਾਰ ਕੇ ਕਤਲ
