ਵਿਆਹ ਸਮਾਗਮ ਦੌਰਾਨ ਪਾਰਕਿੰਗ ’ਚ ਹੋਇਆ ਹਮਲਾ; ਪੁਲਸ ਨੇ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਭਾਲ
ਨਵਾਂਸ਼ਹਿਰ, 2 ਮਾਰਚ : ਬਲਾਚੌਰ ਦੇ ਇਕ ਮੈਰਿਜ ਪੈਲੇਸ ’ਚ ਐਤਵਾਰ ਰਾਤ ਵਿਆਹ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ’ਚ ਬਦਲ ਗਈਆਂ, ਜਦੋਂ ਭਾਰਤੀ ਹਵਾਈ ਫ਼ੌਜ ਦੇ ਰਿਟਾਇਰਡ ਅਧਿਕਾਰੀ ਦੇ 21 ਸਾਲਾ ਪੋਤੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਤਰਨਜੀਤ ਸਿੰਘ ਵਜੋਂ ਹੋਈ ਹੈ।
ਥਾਣਾ ਸਿਟੀ ਬਲਾਚੌਰ ਨੂੰ ਦਿੱਤੀ ਸ਼ਿਕਾਇਤ ’ਚ ਸੇਵਾਮੁਕਤ ਅਧਿਕਾਰੀ ਬਲਦੇਵ ਸਿੰਘ (ਵਾਸੀ ਪਿੰਡ ਸੜੋਆ) ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ’ਚ ਵਿਆਹ ਸਮਾਗਮ ਲਈ ਆਏ ਸਨ। ਜਦੋਂ ਜੈ ਮਾਲਾ ਦੀ ਰਸਮ ਚੱਲ ਰਹੀ ਸੀ, ਤਾਂ ਉਸ ਦਾ ਪੋਤਾ ਤਰਨਜੀਤ ਸਿੰਘ ਕਾਰ ਵਿਚੋਂ ਸਾਮਾਨ ਲੈਣ ਪੈਲੇਸ ਦੀ ਪਾਰਕਿੰਗ ’ਚ ਗਿਆ। ਉੱਥੇ ਪਹਿਲਾਂ ਤੋਂ ਮੌਜੂਦ ਦੋ ਨੌਜਵਾਨਾਂ ਨੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ।
ਜਦੋਂ ਤਰਨਜੀਤ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਹੈਵਨ ਚੌਧਰੀ ਨੇ ਆਪਣੀ ਡੱਬ ਵਿਚੋਂ ਹਥਿਆਰ ਕੱਢ ਕੇ ਉਸ ਦੇ ਪੇਟ ’ਚ ਫ਼ਾਇਰ ਕਰ ਦਿੱਤਾ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਲੋਕ ਇਕੱਠੇ ਹੋਏ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡੀ.ਐੱਸ.ਪੀ. ਬਲਾਚੌਰ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਹੈਵਨ ਚੌਧਰੀ (ਵਾਸੀ ਪਿੰਡ ਧੱਕਧਾਨਾ) ਅਤੇ ਜਗਦੀਸ਼ ਉਰਫ਼ ਜੋਨੀ (ਵਾਸੀ ਉੱਤਰਾਖੰਡ) ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਰਣਜੀਤ ਸਿੰਘ ਐਨਕਾਊਂਟਰ ਮਾਮਲੇ ’ਚ ਅਦਾਲਤ ਸਖ਼ਤ
