ਔਰਤਾਂ, ਕਿਸਾਨਾਂ ਅਤੇ ਅਗਨੀਵੀਰਾਂ ਲਈ ਖ਼ੋਲ੍ਹੇ ਗੱਫ਼ੇ
ਚੰਡੀਗੜ੍ਹ, 2 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਬਤੌਰ ਵਿੱਤ ਮੰਤਰੀ ਸਾਲ 2026-27 ਲਈ 2,23,658.17 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਬਜਟ ਪਿਛਲੇ ਸਾਲ ਦੇ ਮੁਕਾਬਲੇ 10.28 ਫੀਸਦੀ ਵੱਧ ਹੈ। ਮੁੱਖ ਮੰਤਰੀ ਨੇ ਕੇਸਰੀ ਪੱਗ ਬੰਨ੍ਹ ਕੇ ਲਗਭਗ 3 ਘੰਟੇ 10 ਮਿੰਟ ਤੱਕ ਆਪਣਾ ਭਾਸ਼ਣ ਪੜ੍ਹਿਆ।
ਗੁਰੂਆਂ ਦੀ ਬਾਣੀ ਨਾਲ ਸ਼ੁਰੂਆਤ
ਸੀ.ਐਮ. ਸੈਣੀ ਨੇ ਬਜਟ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਨਾਲ ਕੀਤੀ ਅਤੇ ਅਖੀਰ ਵਿੱਚ ਸਤਿਗੁਰੂ ਰਵੀਦਾਸ ਜੀ ਦੀਆਂ ਪੰਕਤੀਆਂ ਸਾਂਝੀਆਂ ਕਰਕੇ ਸਰਬੱਤ ਦੇ ਭਲੇ ਦੀ ਸੋਚ ਨੂੰ ਦਰਸਾਇਆ।
ਬਜਟ ਦੇ ਮੁੱਖ ਐਲਾਨ:
ਔਰਤਾਂ ਲਈ ਰਾਹਤ: ਹੁਣ ਜੇਕਰ ਕੋਈ ਔਰਤ ਆਪਣੇ ਨਾਂ ’ਤੇ ਗੱਡੀ ਖਰੀਦਦੀ ਹੈ, ਤਾਂ ਉਸ ਨੂੰ ਟੈਕਸ ਵਿੱਚ 1 ਫੀਸਦੀ ਦੀ ਛੋਟ ਮਿਲੇਗੀ। ‘ਲਾਡੋ ਲਕਸ਼ਮੀ ਯੋਜਨਾ’ ਦਾ ਘੇਰਾ ਵਧਾਉਂਦੇ ਹੋਏ ਹੁਣ 1.80 ਲੱਖ ਰੁਪਏ ਤੱਕ ਦੀ ਆਮਦਨ ਵਾਲੀਆਂ 6 ਲੱਖ ਹੋਰ ਔਰਤਾਂ ਨੂੰ ਵੀ 2100 ਰੁਪਏ ਮਹੀਨਾ ਮਿਲੇਗਾ।
ਅਗਨੀਵੀਰਾਂ ਲਈ ਰਾਖਵਾਂਕਰਨ: ਪੁਲਸ ਭਰਤੀ ਵਿੱਚ ਅਗਨੀਵੀਰਾਂ ਲਈ 20 ਫੀਸਦੀ ਸੀਟਾਂ ਰਾਖਵੀਆਂ ਰੱਖਣ ਦਾ ਪ੍ਰਸਤਾਵ ਹੈ। ਅਗਲੇ ਸਾਲ 1300 ਅਗਨੀਵੀਰਾਂ ਦੀ ਪੁਲਸ ਵਿੱਚ ਵਿਸ਼ੇਸ਼ ਭਰਤੀ ਕੀਤੀ ਜਾਵੇਗੀ।
ਕਿਸਾਨਾਂ ਲਈ ਨਵਾਂ ਬਿਜਲੀ ਨਿਗਮ: ਖੇਤੀਬਾੜੀ ਖੇਤਰ ਲਈ ‘ਐਗਰੀ ਡਿਸਕਾਮ’ ਨਾਂ ਦਾ ਨਵਾਂ ਬਿਜਲੀ ਨਿਗਮ ਬਣਾਇਆ ਜਾਵੇਗਾ, ਜੋ ਖ਼ਾਸ ਤੌਰ ’ਤੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਕੰਮ ਕਰੇਗਾ।
ਹਾਂਸੀ ਦਾ ਵਿਕਾਸ: ਨਵੇਂ ਬਣੇ ਜ਼ਿਲੇ ਹਾਂਸੀ ਨੂੰ ਇਕ ਮਾਡਰਨ (ਆਧੁਨਿਕ) ਜ਼ਿਲੇ ਵਜੋਂ ਵਿਕਸਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਬਜਟ ਹਰਿਆਣਾ ਦੇ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸਮਾਜਿਕ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਜ਼ੋਰ ਦਿੱਤਾ ਗਿਆ ਹੈ।
Read More : 50 ਕਰੋੜ ਦੀ ਹੈਰੋਇਨ ਸਣੇ ਪਾਕਿਸਤਾਨੀ ਸਮੱਗਲਰ ਕਾਬੂ
