ਪੱਛਮੀ ਏਸ਼ੀਆ ’ਚ ਤਣਾਅ ਕਾਰਨ ਹਵਾਈ ਆਵਾਜਾਈ ਠੱਪ; ਦਿੱਲੀ ਹਵਾਈ ਅੱਡੇ ’ਤੇ ਵੀ 87 ਅੰਤਰਰਾਸ਼ਟਰੀ ਉਡਾਣਾਂ ਹੋਈਆਂ ਪ੍ਰਭਾਵਿਤ
ਦੁਬਈ/ਦਿੱਲੀ, 2 ਮਾਰਚ : ਪੱਛਮੀ ਏਸ਼ੀਆ ’ਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧ ਰਹੇ ਜੰਗੀ ਤਣਾਅ ਨੇ ਪੂਰੀ ਦੁਨੀਆ ਦੀ ਹਵਾਈ ਆਵਾਜਾਈ ਹਿਲਾ ਕੇ ਰੱਖ ਦਿੱਤੀ ਹੈ। ਦੁਨੀਆ ਦੇ ਸਭ ਤੋਂ ਰੁਝੇਵੇਂ ਵਾਲੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੁਰੱਖਿਆ ਕਾਰਨਾਂ ਕਰਕੇ ਤਾਲਾ ਲਗਾ ਦਿੱਤਾ ਗਿਆ ਹੈ ਅਤੇ ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਇਹ ਬੰਦ ਰਿਹਾ। ਦੁਬਈ ਦੇ ਅਸਮਾਨ ’ਚ ਮਿਜ਼ਾਈਲਾਂ ਉੱਡਣ ਕਾਰਨ ਹੁਣ ਤੱਕ 3000 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ।
ਇਸ ਜੰਗ ਦਾ ਸਿੱਧਾ ਅਸਰ ਭਾਰਤ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਏਅਰ ਇੰਡੀਆ ਸਮੇਤ ਕਈ ਵੱਡੀਆਂ ਏਅਰਲਾਈਨਾਂ ਨੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਕੱਲੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 87 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ 37 ਜਾਣ ਵਾਲੀਆਂ ਅਤੇ 50 ਆਉਣ ਵਾਲੀਆਂ ਉਡਾਣਾਂ ਸ਼ਾਮਲ ਹਨ।
ਜੰਗ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਨੀਵਾਰ ਨੂੰ ਲਗਭਗ 2800 ਅਤੇ ਐਤਵਾਰ ਨੂੰ 3156 ਉਡਾਣਾਂ ਰੱਦ ਹੋਈਆਂ ਸਨ। ਸੋਮਵਾਰ ਸਵੇਰ ਤੱਕ ਹੋਰ 1239 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਵੇਲੇ ਈਰਾਨ, ਇਰਾਕ, ਕੁਵੈਤ, ਇਜ਼ਰਾਈਲ, ਬਹਿਰੀਨ, ਯੂ.ਏ.ਈ. ਅਤੇ ਕਤਰ ਦੇ ਫਲਾਈਟ ਰਾਡਾਰ ਪੂਰੀ ਤਰ੍ਹਾਂ ਬੰਦ ਹਨ।
ਪੱਛਮੀ ਏਸ਼ੀਆ ਦੇ ਕਈ ਹਵਾਈ ਅੱਡੇ ਬੰਦ ਹੋਣ ਕਾਰਨ ਭਾਰਤੀ ਏਅਰਲਾਈਨਾਂ ਨੇ ਪਿਛਲੇ ਦੋ ਦਿਨਾਂ ’ਚ ਕੁੱਲ 760 ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਹਨ। ਇਸ ਕਾਰਨ ਹਜ਼ਾਰਾਂ ਮੁਸਾਫ਼ਰ ਹਵਾਈ ਅੱਡਿਆਂ ’ਤੇ ਫਸੇ ਹੋਏ ਹਨ ਅਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
Read More : ਮੱਧ ਪੂਰਬੀ ਤਣਾਅ ’ਚ ਫਸੇ ਪੰਜਾਬੀਆਂ ਲਈ ਮੁੱਖ ਮੰਤਰੀ ਵੱਲੋਂ ਹੈਲਪਲਾਈਨ ਜਾਰੀ
