ਭਗਵੰਤ ਮਾਨ ਨੇ ਸਥਾਪਤ ਕੀਤਾ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ; ਸੁਰੱਖਿਅਤ ਵਾਪਸੀ ਲਈ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ
ਚੰਡੀਗੜ੍ਹ, 2 ਮਾਰਚ : ਮੱਧ ਪੂਰਬ ਦੇ ਦੇਸ਼ਾਂ ’ਚ ਵਧ ਰਹੇ ਤਣਾਅ ਕਾਰਨ ਉੱਥੇ ਫਸੇ ਪੰਜਾਬੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਦਿਨ-ਰਾਤ ਕਾਰਜਸ਼ੀਲ ਰਹਿਣ ਵਾਲੇ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵਿਦੇਸ਼ਾਂ ’ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਲਗਾਤਾਰ ਸੰਪਰਕ ’ਚ ਹੈ। ਉਨ੍ਹਾਂ ਕਿਹਾ ਕਿ ਅਰਬ ਦੇਸ਼ਾਂ ’ਚ ਮੌਜੂਦਾ ਸਥਿਤੀ ਕਾਰਨ ਬਹੁਤ ਸਾਰੇ ਪੰਜਾਬੀ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਯਤਨ ਕਰੇਗੀ।
ਸਹਾਇਤਾ ਲਈ ਜ਼ਰੂਰੀ ਨੰਬਰ
ਜੇਕਰ ਕੋਈ ਪੰਜਾਬੀ ਵਿਅਕਤੀ ਜਾਂ ਉਸ ਦਾ ਪਰਿਵਾਰ ਇਨ੍ਹਾਂ ਦੇਸ਼ਾਂ ’ਚ ਫਸਿਆ ਹੋਇਆ ਹੈ ਅਤੇ ਉਸ ਨੂੰ ਮਦਦ ਦੀ ਲੋੜ ਹੈ, ਤਾਂ ਉਹ ਹੇਠ ਲਿਖੇ ਨੰਬਰਾਂ ’ਤੇ ਸੰਪਰਕ ਕਰ ਸਕਦਾ ਹੈ:
ਫੋਨ ਕਾਲ ਲਈ: 0172-2260042, 0172-2260043
ਵ੍ਹਟਸਐਪ (WhatsApp) ਮੈਸੇਜ ਲਈ: +91 94787 79112
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਕ ਸਮਰਪਿਤ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ 24 ਘੰਟੇ ਖੁੱਲ੍ਹਾ ਰਹੇਗਾ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸਰਕਾਰ ਇਸ ਮੁਸੀਬਤ ਦੀ ਘੜੀ ’ਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਮਦਦ ਲਈ ਇਨ੍ਹਾਂ ਨੰਬਰਾਂ ’ਤੇ ਤੁਰੰਤ ਰਾਬਤਾ ਕੀਤਾ ਜਾ ਸਕਦਾ ਹੈ।
Read More : ਚੰਡੀਗੜ੍ਹ : ਬੰਬ ਦੀ ਧਮਕੀ ਮਿਲਣ ਕਾਰਨ ਸਰਕਾਰੀ ਅਦਾਰਿਆਂ ’ਚ ਮਚੀ ਭਾਜੜ
