ਨਵੀਂ ਮੁੰਬਈ ਦੇ ‘ਹਿੰਦ-ਦੀ-ਚਾਦਰ’ ਸਮਾਗਮ ’ਚ ਗ੍ਰਹਿ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਯਾਦ
ਨਵੀਂ ਮੁੰਬਈ, 2 ਮਾਰਚ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਪੰਜਾਬ ਵਿੱਚ ਕਥਿਤ ਤੌਰ ‘ਤੇ ‘ਲਾਲਚ’ ਦੇ ਕੇ ਕਰਵਾਏ ਜਾ ਰਹੇ ਧਰਮ ਪਰਿਵਰਤਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਨਵੀਂ ਮੁੰਬਈ ਦੇ ਖਾਰਘਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਹਿੰਦ-ਦੀ-ਚਾਦਰ’ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਗਵੰਤ ਮਾਨ ਸਰਕਾਰ ਅਤੇ ਪੰਜਾਬੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਥਾ ਨੂੰ ਰੋਕਣ ਲਈ ਅੱਗੇ ਆਉਣ।
ਸ਼ਾਹ ਨੇ ਕਿਹਾ ਕਿ ਜਿਸ ਧਰਤੀ ‘ਤੇ ਗੁਰੂ ਤੇਗ ਬਹਾਦਰ ਜੀ ਨੇ ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ, ਉੱਥੇ ਅੱਜ ਕੁਝ ਲੋਕ ਲਾਲਚ ਵੱਸ ਧਰਮ ਪਰਿਵਰਤਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲਾਲਚ ਵਿੱਚ ਆ ਕੇ ਆਪਣਾ ਧਰਮ ਬਦਲਦੇ ਹਾਂ, ਤਾਂ ਸਾਨੂੰ ਆਪਣੇ ਮਹਾਨ ਰਹਿਬਰਾਂ ਦੇ ਪੈਰੋਕਾਰ ਕਹਾਉਣ ਦਾ ਕੋਈ ਹੱਕ ਨਹੀਂ।” ਉਨ੍ਹਾਂ ਪੰਜਾਬ ਸਰਕਾਰ, ਸਮਾਜ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਰੁਝਾਨ ਨੂੰ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਉਣ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਨਾ ਦਿੱਤੀ ਹੁੰਦੀ, ਤਾਂ ਅੱਜ ਹਿੰਦੂ ਧਰਮ ਦਾ ਵਜੂਦ ਖ਼ਤਰੇ ਵਿੱਚ ਹੁੰਦਾ। ਉਨ੍ਹਾਂ ਕਿਹਾ ਕਿ ਹਾਲਾਂਕਿ ਕੁਝ ਲੋਕਾਂ ਨੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਸੀ, ਪਰ ‘ਹਰ ਕਿਸੇ ਨੂੰ ਇਸ ਸੱਚਾਈ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ।’ ਉਨ੍ਹਾਂ ਅੱਗੇ ਕਿਹਾ ਕਿ ਗੁਰੂ ਜੀ ਨੇ ਆਪਣੇ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਦੁਸ਼ਮਣਾਂ ਵਿਰੁੱਧ ਲੜਾਈ ਲੜੀ ਅਤੇ ਉਨ੍ਹਾਂ ਦੀ ਸ਼ਹਾਦਤ ਨੇ ਹੀ ਹਿੰਦੂਆਂ ਨੂੰ ਜ਼ੁਲਮ ਵਿਰੁੱਧ ਲੜਨ ਦੀ ਹਿੰਮਤ ਬਖ਼ਸ਼ੀ।
ਮੁਗਲ ਸ਼ਾਸਕ ਔਰੰਗਜ਼ੇਬ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਦੱਸਿਆ ਕਿ ਜਦੋਂ ਜੰਮੂ-ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤਾਂ ‘ਤੇ ਅੱਤਿਆਚਾਰ ਹੋਏ, ਤਾਂ ਉਨ੍ਹਾਂ ਨੇ ਗੁਰੂ ਸਾਹਿਬ ਤੋਂ ਸੁਰੱਖਿਆ ਮੰਗੀ ਸੀ। ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਆਪਣੇ ਸਾਥੀਆਂ ਸਮੇਤ ਸ਼ਹਾਦਤ ਦੇ ਦਿੱਤੀ, ਪਰ ਧਰਮ ਤੋਂ ਨਹੀਂ ਡੋਲੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀ ਗਈ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ’ ਦੀ ਨੈਤਿਕ ਤਾਕਤ ਨੇ ਹੀ ਬਾਅਦ ਵਿੱਚ ਮੁਗਲ ਹਮਲਾਵਰਾਂ ਦਾ ਵਿਰੋਧ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ।
ਅਖੀਰ ਵਿੱਚ ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਸਨਾਤਨ ਧਰਮ ਦੇ ਪੈਰੋਕਾਰ ਸਿੱਖ ਗੁਰੂ ਸਾਹਿਬਾਨ ਦੇ ਇਸ ਮਹਾਨ ਉਪਕਾਰ ਲਈ ਸਦਾ ਧੰਨਵਾਦੀ ਰਹਿਣਗੇ।
