4217 ਵਿਦਿਆਰਥੀ ਪ੍ਰੀਖਿਆ ’ਚ ਹੋਏ ਸ਼ਾਮਲ; ਸਿੱਖਿਆ ਅਧਿਕਾਰੀਆਂ ਨੇ ਕੇਂਦਰਾਂ ਦਾ ਲਿਆ ਜਾਇਜ਼ਾ
ਗੁਰਦਾਸਪੁਰ, 2 ਮਾਰਚ : ਪੰਜਾਬ ਸਰਕਾਰ ਵੱਲੋਂ ਸੂਬੇ ਦੇ 117 ‘ਸਕੂਲ ਆਫ਼ ਐਮੀਨੈਂਸ’ ਅਤੇ ਮੈਰੀਟੋਰੀਅਸ ਸਕੂਲਾਂ ’ਚ 9ਵੀਂ ਅਤੇ 11ਵੀਂ ਜਮਾਤ ’ਚ ਦਾਖ਼ਲੇ ਲਈ ਲਈ ਗਈ ਪ੍ਰਵੇਸ਼ ਪ੍ਰੀਖਿਆ ਅੱਜ ਜ਼ਿਲਾ ਗੁਰਦਾਸਪੁਰ ’ਚ ਸ਼ਾਂਤਮਈ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਅਤੇ ਜ਼ਿਲਾ ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪ੍ਰੀਖਿਆ ਲਈ ਪੂਰੇ ਜ਼ਿਲ੍ਹੇ ’ਚ 48 ਕੇਂਦਰ ਬਣਾਏ ਗਏ ਸਨ। ਇਨ੍ਹਾਂ ਕੇਂਦਰਾਂ ’ਚ 9ਵੀਂ ਜਮਾਤ ਲਈ 1872 ਅਤੇ 11ਵੀਂ ਜਮਾਤ ਲਈ 2345 ਵਿਦਿਆਰਥੀ ਪ੍ਰੀਖਿਆ ’ਚ ਸ਼ਾਮਲ ਹੋਏ। ਪ੍ਰੀਖਿਆ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੀ। ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਸਰਕਾਰੀ ਸਕੂਲ (ਲੜਕੇ), ਗਰਲਜ਼ ਸਕੂਲ ਹਯਾਤ ਨਗਰ, ਸੁਖਜਿੰਦਰ ਕਾਲਜ ਅਤੇ ਮੈਰੀਟੋਰੀਅਸ ਸਕੂਲ ਦੇ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਵੇਲੇ ਤਿੰਨ ‘ਸਕੂਲ ਆਫ਼ ਐਮੀਨੈਂਸ’ (ਬਟਾਲਾ, ਗੁਰਦਾਸਪੁਰ ਅਤੇ ਸ੍ਰੀ ਹਰਗੋਬਿੰਦਰਪੁਰ ਸਾਹਿਬ) ਚੱਲ ਰਹੇ ਹਨ। ਇਨ੍ਹਾਂ ਸਕੂਲਾਂ ’ਚ 9ਵੀਂ ਜਮਾਤ ਲਈ ਪ੍ਰਤੀ ਸਕੂਲ 36 ਸੀਟਾਂ ਅਤੇ 11ਵੀਂ ਜਮਾਤ ਦੀਆਂ ਵੱਖ-ਵੱਖ ਸ਼ਾਖਾਵਾਂ (ਮੈਡੀਕਲ, ਨਾਨ-ਮੈਡੀਕਲ, ਕਲਾ ਅਤੇ ਵਪਾਰ) ਲਈ ਕੁੱਲ 128 ਸੀਟਾਂ ਰਾਖਵੀਆਂ ਹਨ।
ਇਸੇ ਤਰ੍ਹਾਂ ਮੈਰੀਟੋਰੀਅਸ ਸਕੂਲ ਗੁਰਦਾਸਪੁਰ ’ਚ ਮੈਡੀਕਲ ਲਈ 300, ਨਾਨ-ਮੈਡੀਕਲ ਲਈ 100 ਅਤੇ ਵਪਾਰ ਲਈ 100 ਸੀਟਾਂ ’ਤੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਸਿੱਖਿਆ ਅਧਿਕਾਰੀਆਂ ਅਨੁਸਾਰ ਇਹ ਪ੍ਰੀਖਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ ਅਤੇ ਨਤੀਜੇ ਜਲਦ ਐਲਾਨੇ ਜਾਣਗੇ।
Read More : ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਲਈ ਪੈਦਲ ਸੰਗ ਯਾਤਰਾ ਅਰਦਾਸ ਨਾਲ ਆਰੰਭ
