Dinanagar

ਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ; ਪੁਲਿਸ ਨੇ ਬਲਦੀ ਚਿਤਾ ’ਚੋਂ ਕੱਢੀ ਲਾਸ਼

ਗੋਲੀ ਲੱਗਣ ਕਾਰਨ ਮੌਤ ਹੋਣ ਦੀ ਚਰਚਾ; ਪਰਿਵਾਰ ਵੱਲੋਂ ਬਿਨਾਂ ਸੂਚਨਾ ਦਿੱਤੇ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼

ਦੀਨਾਨਗਰ, 1 ਮਾਰਚ : ਦੀਨਾਨਗਰ ਦੇ ਨੇੜਲੇ ਪਿੰਡ ਅਵਾਂਖਾ ਦੀ ਨਵੀਂ ਅਬਾਦੀ ’ਚ ਅੱਜ ਇਕ ਬੇਹੱਦ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੋਲੀ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਹੀ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਦੀ ਰਸਮ ਸ਼ੁਰੂ ਕਰ ਦਿੱਤੀ। ਹਾਲਾਂਕਿ, ਗੁਪਤ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ਮਸ਼ਾਨਘਾਟ ’ਚ ਛਾਪਾ ਮਾਰਿਆ ਅਤੇ ਬਲਦੀ ਚਿਤਾ ’ਚੋਂ ਲਾਸ਼ ਨੂੰ ਬਾਹਰ ਕੱਢ ਕੇ ਆਪਣੇ ਕਬਜ਼ੇ ’ਚ ਲੈ ਲਿਆ।

ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਚਿਤਾ ਨੂੰ ਅੱਗ ਲਗਾਈ ਜਾ ਚੁੱਕੀ ਸੀ। ਪੁਲਿਸ ਨੇ ਤੁਰੰਤ ਅੱਗ ਬੁਝਾ ਕੇ ਅੱਧੀ ਸੜੀ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਅਨੁਸਾਰ ਇਹ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਜਾਪਦਾ ਹੈ, ਕਿਉਂਕਿ ਪਰਿਵਾਰ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣਾ ਮੁਨਾਸਿਬ ਨਹੀਂ ਸਮਝਿਆ ਅਤੇ ਜਲਦਬਾਜ਼ੀ ’ਚ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ। ਇਨ੍ਹਾਂ ਤੱਥਾਂ ਦੇ ਆਧਾਰ ’ਤੇ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪੂਰੇ ਜ਼ਿਲਾ ਗੁਰਦਾਸਪੁਰ ’ਚ ਸਹਿਮ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।

Read More : ਕਲਾਨੌਰ ਪੰਚਾਇਤ ’ਚ 8 ਕਰੋੜ ਦਾ ਘਪਲਾ; ਵਿਜੀਲੈਂਸ ਵੱਲੋਂ 8 ਅਧਿਕਾਰੀਆਂ ’ਤੇ ਕੇਸ ਦਰਜ

Leave a Reply

Your email address will not be published. Required fields are marked *