ਰਣਜੀਤ ਸਿੰਘ ਐਨਕਾਊਂਟਰ

ਰਣਜੀਤ ਸਿੰਘ ਐਨਕਾਊਂਟਰ ਮਾਮਲੇ ’ਚ ਜਥੇਬੰਦੀਆਂ ਨੇ ਜਾਮ ਕੀਤਾ ਨੈਸ਼ਨਲ ਹਾਈਵੇ

ਬੱਬਰੀ ਬਾਈਪਾਸ ’ਤੇ 4 ਘੰਟੇ ਪ੍ਰਦਰਸ਼ਨ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ 5 ਦਿਨਾਂ ਦਾ ਅਲਟੀਮੇਟਮ

ਗੁਰਦਾਸਪੁਰ, 1 ਮਾਰਚ : ਪੰਜਾਬ ਪੁਲਿਸ ਦੀ ਚੌਕੀ ’ਤੇ ਹੋਏ ਹਮਲੇ ਤੋਂ ਬਾਅਦ ਪਿੰਡ ਆਦੀਆ ਦੇ ਨੌਜਵਾਨ ਰਣਜੀਤ ਸਿੰਘ ਦੀ ਕਥਿਤ ਪੁਲਿਸ ਮੁਕਾਬਲੇ ’ਚ ਹੋਈ ਮੌਤ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਜਿੱਥੇ ਇਕ ਪਾਸੇ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਕਾਰਨ ਲੋਕਾਂ ’ਚ ਗ਼ਮ ਹੈ, ਉੱਥੇ ਹੀ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਇਸ ਨੂੰ ‘ਝੂਠਾ ਮੁਕਾਬਲਾ’ ਦੱਸਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਸਬੰਧ ’ਚ ਅੱਜ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ’ਤੇ ਸਥਿਤ ਬੱਬਰੀ ਬਾਈਪਾਸ ਚੌਕ ਵਿਖੇ ਵਿਸ਼ਾਲ ਧਰਨਾ ਦਿੱਤਾ।

ਧਰਨੇ ਦੌਰਾਨ ਮ੍ਰਿਤਕ ਦੇ ਤਾਇਆ ਹਰਵਿੰਦਰ ਸਿੰਘ ਨੇ ਮੰਗ ਕੀਤੀ ਕਿ ਰਣਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਏਮਜ਼ ਜਾਂ ਪੀ.ਜੀ.ਆਈ. ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵੀਡੀਓਗ੍ਰਾਫੀ ਹੇਠ ਕਰਵਾਇਆ ਜਾਵੇ। ਪ੍ਰਦਰਸ਼ਨਕਾਰੀਆਂ ਨੇ ਪੂਰੇ ਘਟਨਾਕ੍ਰਮ ਦੀ ਜਾਂਚ ਸੀ.ਬੀ.ਆਈ. ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਅਤੇ ਰਣਜੀਤ ਸਿੰਘ ਨੂੰ ਘਰੋਂ ਲਿਜਾਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਇਸ ਰੋਸ ਪ੍ਰਦਰਸ਼ਨ ’ਚ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਗੁਰਮੀਤ ਸਿੰਘ ਬਖਤਪੁਰਾ, ਐੱਮ.ਪੀ. ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ, ਲੱਖਾ ਸਿਧਾਣਾ, ਸਤਬੀਰ ਸਿੰਘ ਸੁਲਤਾਨੀ, ਸੁਖਵਿੰਦਰ ਸਿੰਘ ਅਗਵਾਨ, ਰਮਨਦੀਪ ਸਿੰਘ ਸੰਧੂ, ਕਮਲਜੀਤ ਚਾਵਲਾ, ਅਮਰਜੋਤ ਸਿੰਘ ਬੱਬੇਹਾਲੀ, ਗੁਲਜ਼ਾਰ ਸਿੰਘ ਬਸੰਤਕੋਟ, ਹਰਵਿੰਦਰ ਸਿੰਘ ਮੱਲੀ, ਪਰਮਜੀਤ ਸਿੰਘ ਮੰਡ, ਗੁਰਪ੍ਰੀਤ ਸਿੰਘ ਪਵਾਰ, ਸੰਜੀਵ ਮਿੰਟੂ, ਅਸ਼ਵਨੀ ਲੱਖਣ ਕਲਾਂ, ਹਰਜੀਤ ਸਿੰਘ ਕਾਹਲੋਂ, ਐੱਸ. ਪੀ. ਗੋਸਲ, ਲਖਵਿੰਦਰ ਸਿੰਘ ਮੰਜਿਆਂਵਾਲੀ, ਅਜੇ ਪਾਲ ਸਿੰਘ ਬਰਾੜ ਅਤੇ ਉਪਕਾਰ ਸਿੰਘ ਸੰਧੂ ਸਮੇਤ ਕਈ ਵੱਡੇ ਆਗੂ ਮੌਜੂਦ ਰਹੇ।

ਇਨ੍ਹਾਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ। ਭਾਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਗੱਲਬਾਤ ਦਾ ਭਰੋਸਾ ਮਿਲਣ ਤੋਂ ਬਾਅਦ ਫਿਲਹਾਲ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ, ਪਰ 5 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਅਗਲੀ ਰਣਨੀਤੀ ਤਹਿਤ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਦੇਰ ਰਾਤ ਔਰਤਾਂ ਦੀ ਰਿਹਾਈ ਤੋਂ ਬਾਅਦ ਖ਼ਤਮ ਹੋਇਆ ਧਰਨਾ; ਹਾਈਵੇ ’ਤੇ ਆਵਾਜਾਈ ਬਹਾਲ

ਜ਼ਿਲਾ ਗੁਰਦਾਸਪੁਰ ’ਚ ਚੱਲ ਰਿਹਾ ਤਣਾਅਪੂਰਨ ਧਰਨਾ ਦੇਰ ਰਾਤ ਔਰਤਾਂ ਦੀ ਰਿਹਾਈ ਤੋਂ ਬਾਅਦ ਸਮਾਪਤ ਹੋ ਗਿਆ ਹੈ। ਇਸ ਮੌਕੇ ਲੱਖਾ ਸਿਧਾਣਾ, ਇੰਦਰਪਾਲ ਸਿੰਘ, ਹਰਪਾਲ ਸਿੰਘ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤੀਸਰੇ ਨਾਮਜ਼ਦ ਮੁਲਜ਼ਮ ਇੰਦਰਜੀਤ ਸਿੰਘ ਦੇ ਪਰਿਵਾਰ ਦੀਆਂ 2 ਔਰਤਾਂ ਨੂੰ ਹਿਰਾਸਤ ’ਚ ਲਏ ਜਾਣ ਦੇ ਰੋਸ ਵਜੋਂ ਇਹ ਸੰਘਰਸ਼ ਵਿੱਢਿਆ ਗਿਆ ਸੀ।

ਧਰਨੇ ਕਾਰਨ ਹਾਈਵੇ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੇ ਸਪੱਸ਼ਟ ਐਲਾਨ ਕੀਤਾ ਸੀ ਕਿ ਜਦੋਂ ਤੱਕ ਔਰਤਾਂ ਨੂੰ ਜੇਲ ’ਚੋਂ ਰਿਹਾਅ ਨਹੀਂ ਕੀਤਾ ਜਾਂਦਾ, ਧਰਨਾ ਖ਼ਤਮ ਨਹੀਂ ਹੋਵੇਗਾ। ਦੇਰ ਰਾਤ ਕਰੀਬ 8:30 ਵਜੇ ਜਦੋਂ ਅਦਾਲਤੀ ਰਿਹਾਈ ਦੇ ਹੁਕਮਾਂ ਦੇ ਆਧਾਰ ’ਤੇ ਪੁਲਸ ਨੇ ਇਨ੍ਹਾਂ ਔਰਤਾਂ ਨੂੰ ਜੇਲ ’ਚੋਂ ਰਿਹਾਅ ਕਰ ਦਿੱਤਾ, ਤਾਂ ਪ੍ਰਦਰਸ਼ਨਕਾਰੀਆਂ ’ਚ ਤਸੱਲੀ ਦੇਖਣ ਨੂੰ ਮਿਲੀ।

ਮੰਗ ਪੂਰੀ ਹੋਣ ਉਪਰੰਤ ਰਾਤ ਕਰੀਬ 9 ਵਜੇ ਆਗੂਆਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹੀ ਹਾਈਵੇ ’ਤੇ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋ ਸਕੀ। ਪੁਲਸ ਪ੍ਰਸ਼ਾਸਨ ਨੇ ਵੀ ਸੁਖ ਦਾ ਸਾਹ ਲਿਆ ਅਤੇ ਸਥਿਤੀ ਨੂੰ ਕੰਟਰੋਲ ’ਚ ਕਰਦਿਆਂ ਟ੍ਰੈਫਿਕ ਨੂੰ ਸੁਚਾਰੂ ਰੂਪ ’ਚ ਚਲਾਇਆ।

Read More : ਸਰਕਾਰ ਬਣਨ ’ਤੇ ਸਮਰਾਲਾ ’ਚ ਸਥਾਪਿਤ ਕਰਾਂਗੇ ‘ਵਰਲਡ ਕਲਾਸ ਸਕਿੱਲ ਯੂਨੀਵਰਸਿਟੀ’: ਸੁਖਬੀਰ ਬਾਦਲ

Leave a Reply

Your email address will not be published. Required fields are marked *